ਬੁਢਲਾਡਾ 5 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਰਾਮ ਲੀਲਾ ਗਰਾਊਂਡ ਵਿੱਚ ਹਿੰਦੂ ਧਾਰਮਿਕ ਸਥਾਨਾਂ ਦੇ ਨਜਦੀਕ ਸਵੱਛ ਭਾਰਤ ਅਧੀਨ ਪਬਲਿਕ ਪਖਾਨੇ ਨਗਰ ਕੌਂਸਲ ਵੱਲੋਂ ਬਣਾਏ ਜਾਣ ਦਾ ਲਗਾਤਾਰ ਵਿਰੋਧ ਜਾਰੀ ਹੈ ਪ੍ਰੰਤੂ ਨਗਰ ਕੌਂਸਲ ਵੱਲੋਂ ਇਸ ਗਰਾਊਂਡ ਵਿੱਚ ਪਖਾਨੇ ਬਨਾਉਣ ਦੀ ਵਜਿੱਦ ਹੋਣ ਕਾਰਨ ਮਸਲਾ ਸੁਲਝਦਾ ਨਜਰ ਨਹੀਂ ਆ ਰਿਹਾ। ਜਿਸ ਤੇ ਅੱਜ ਨਗਰ ਕੌਂਸਲ ਦੇ ਠੇਕੇਦਾਰ ਵੱਲੋਂ ਰਾਮ ਲੀਲਾ ਗਰਾਊਂਡ ਵਿੱਚ ਬਣੀਆਂ ਪਸ਼ੂਆਂ ਦੀਆਂ ਖੁਰਲੀਆਂ ਨੂੰ ਢਾਹ ਕੇ ਉਸ ਜਗ੍ਹਾ ਤੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਤਾਂ ਸਥਾਨਕ ਆਸ ਪਾਸ ਲੋਕਾਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਕੌਂਸਲ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਅੱਧੀ ਦਰਜਨ ਦੇ ਕਰੀਬ ਕੌਂਸਲਰਾਂ ਨੇ ਵੀ ਇਸ ਦਾ ਵਿਰੋਧ ਕੀਤਾ। ਵਾਰਡ ਦੇ ਕੌਂਸਲਰ ਪ੍ਰੇਮ ਗਰਗ ਦਾ ਕਹਿਣਾ ਹੈ ਕਿ ਇਸ ਸੰਬੰਧੀ ਹਲਕਾ ਵਿਧਾਇਕ ਨੂੰ ਵੀ ਰਾਮ ਲੀਲਾ ਗਰਾਊਂਡ ਵਿੱਚ ਪਖਾਨੇ ਨਾ ਬਨਾਉਣ ਸੰਬੰਧੀ ਸ਼ਹਿਰੀਆਂ ਦਾ ਇੱਕ ਵਫਦ ਮਿਲਿਆ ਸੀ ਜਿੱਥੇ ਭਰੋਸਾ ਦੇਣ ਦੇ ਬਾਵਜੂਦ ਵੀ ਰਾਮ ਲੀਲਾ ਗਰਾਊਂਡ ਵਿੱਚ ਹੀ ਪਖਾਨੇ ਬਣਾਏ ਜਾ ਰਹੇ ਸਨ। ਇਸ ਸੰਬੰਧੀ ਅੱਜ ਠੇਕੇਦਾਰ ਵੱਲੋਂ ਕਰੀਬ 20—25 ਸਾਲਾਂ ਤੋਂ ਬਣੀਆਂ ਪਸ਼ੂਆਂ ਦੀਆਂ ਖੁਰਲੀਆਂ ਨੂੰ ਢਾਹ ਕੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ। ਰੇਡੀਮੇਡ ਗਾਰਮੈਂਟਸ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਲੱਕੀ ਦਾ ਕਹਿਣਾ ਹੈ ਕਿ ਨਗਰ ਕੌਂਸਲ ਪ੍ਰਧਾਨ ਰਾਮ ਲੀਲਾ ਗਰਾਊਂਡ ਚ ਪਖਾਨੇ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਮੁਕੱਦਮਾ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਤੇ ਰਾਮ ਲੀਲਾ ਨਾਟਕ ਕਲੱਬ ਦੇ ਸੰਕੇਤ ਬਿਹਾਰੀ ਬਾਂਸਲ, ਪੰਚਾਇਤੀ ਦੁਰਗਾ ਮੰਦਰ ਦੇ ਪ੍ਰਧਾਨ ਮਨੋਜ ਕੁਮਾਰ, ਸਕੱਤਰ ਐਡਵੋਕੇਟ ਸੁਨੀਲ ਗਰਗ ਅਤੇ ਤਰਸੇਮ ਲਾਲ, ਸ਼ਨੀ ਮੰਦਰ ਕਮੇਟੀ ਦੇ ਪ੍ਰਬੰਧਕ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੇ ਰਾਮ ਲੀਲਾ ਗਰਾਊਂਡ ਚ ਪਖਾਨੇ ਬਨਾਉਣ ਦਾ ਵਿਰੋਧ ਕੀਤਾ। ਇਸ ਮੌਕੇ ਇਨ੍ਹਾਂ ਦੀ ਹਮਾਇਤ ਤੇ ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਕੌਂਸਲਰ ਰਜਿੰਦਰ ਸੈਣੀ ਝੰਡਾ, ਕੌਂਸਲਰ ਕਾਲੂ ਮਦਾਨ, ਕੌਂਸਲਰ ਸੁਖਵਿੰਦਰ ਵਰਮਾਂ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤਰਜੀਤ ਸਿੰਘ ਚਹਿਲ, ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਕੁਸ਼ ਵਾਤਿਸ਼ ਆਦਿ ਨੇ ਵੀ ਵਿਰੋਧ ਕੀਤਾ। ਇਸ ਮੌਕੇ ਤੇ ਐਸ.ਐਚ.ਓ. ਸਿਟੀ ਬਲਕੌਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਦਿਆਂ ਮੀਟਿੰਗ ਕਰਕੇ ਭਰੋਸਾ ਦੇਣ ਦੀ ਗੱਲ ਆਖੀ, ਤਾਂ ਧਰਨਾਕਾਰੀਆਂ ਨੇ ਮੰਗਲਵਾਰ ਤੱਕ ਧਰਨਾ ਮੁਲਤਵੀ ਕਰ ਦਿੱਤਾ ਗਿਆ।
ਕੀ ਕਹਿਣਾ ਹੈ ਹਲਕਾ ਵਿਧਾਇਕ ਦਾ—
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਕਹਿਣਾ ਹੈ ਕਿ ਮੈਂ ਰਾਮ ਲੀਲਾ ਗਰਾਊਂਡ ਚ ਪਖਾਨੇ ਬਨਾਉਣ ਦੇ ਨਾ ਹੀ ਵਿਰੋਧ ਵਿੱਚ ਹਾਂ ਤੇ ਨਾ ਹੀ ਹੱਕ ਵਿੱਚ ਹਾਂ। ਜਿਸ ਤਰ੍ਹਾਂ ਸ਼ਹਿਰ ਦੇ ਲੋਕ ਸਹਿਮਤੀ ਪ੍ਰਗਟ ਕਰਨਗੇ ਅਤੇ ਜਿਸ ਨਾਲ ਭਾਈਚਾਰਕ ਸਾਂਝ ਬਣੀ ਰਹੇਗੀ ਮੈਂ ਉਸ ਦੇ ਨਾਲ ਹਾਂ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਾਲਮੇਲ ਬਣਾ ਕੇ ਚੰਗੇ ਸਮਾਜ ਦੀ ਸਿਰਜਣਾ ਲਈ ਕੰਮ ਕਰਨ।