ਮਾਨਸਾ, 26 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਿਵ ਸ਼ਕਤੀ ਆਰਟ ਸਭਾ ਮਾਨਸਾ, ਜੋ ਕਿ ਮਾਨਸਾ ਸ਼ਹਿਰ ਦੀ ਇੱਕ ਬਹੁਤ ਵੱਡੀ ਸਮਾਜਿਕ ਅਤੇ ਧਾਰਮਿਕ ਸੰਸਥਾ ਹੈ, ਵੱਲੋਂ ਸਮੇਂ-ਸਮੇਂ ‘ਤੇ ਆਮ ਲੋਕਾਂ ਦੀ ਸਹੂਲਤ ਲਈ ਲ਼ੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਹ ਸੰਸਥਾ ਸ਼ਹਿਰ ਦੀ ਇੱਕ ਸਨਮਾਨਯੋਗ ਸ਼ਖਸ਼ੀਅਤ ਪ੍ਰੇਮ ਨਾਥੀ ਕਾਟੀ ਦੀ ਅਗਵਾਈ ਹੇਠ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਲਈ ਨਿਰਸਵਾਰਥ ਆਪਣੇ ਕਾਰਜ ਕਰ ਰਹੀ ਹੈ। ਪ੍ਰਧਾਨ ਪ੍ਰੇਮ ਨਾਥ ਕਾਟੀ ਨੇ ਕਿਹਾ ਕਿ ਸੰਸਥਾ ਵੱਲੋਂ ਸ਼ਹਿਰ ਵਾਸੀਆਂ ਲਈ ਮੁਫ਼ਤ ਗੱਦੇ, ਗਰਮੀਆਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ, ਮੁਫ਼ਤ ਮੈਡੀਕਲ ਚੈੱਕ ਅੱਪ ਕੈੰਪ, ਲਾਵਾਰਸ ਲਾਸ਼ਾਂ ਦਾ ਸੰਸਕਾਰ ਕਰਨ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਬੋਲਦਿਆਂ ਸਟੇਟ ਅਵਾਰਡੀ ਅਧਿਆਪਕ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਸ਼ਹਿਰ ਦੇ ਉਨ੍ਹਾਂ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਕਿਸੇ ਵੀ ਸਮਾਜਿਕ, ਆਰਥਿਕ, ਵਿੱਦਿਅਕ, ਸਾਹਿਤਕ ਜਾਂ ਸਭਿਆਚਾਰਕ ਖੇਤਰ ਵਿੱਚ ਕੋਈ ਵਿਸ਼ੇਸ਼ ਪ੍ਰਾਪਤੀ ਕੀਤੀ ਹੋਵੇ ਅਤੇ ਜਿਨ੍ਹਾਂ ਦੇ ਕਾਰਜਾਂ ਸਦਕਾ ਮਾਨਸਾ ਦਾ ਨਾਮ ਨਾ ਸਿਰਫ਼ ਪੰਜਾਬ ਵਿੱਚ ਬਲਕਿ ਪੂਰੇ ਭਾਰਤ ਵਿੱਚ ਰੌਸ਼ਨ ਹੋਇਆ ਹੋਵੇ । ਹੁਣ ਸੰਸਥਾ ਵੱਲੋਂ ਅਰੁਣ ਕੁਮਾਰ ਸਿੰਗਲਾ ਪੁੱਤਰ ਸ੍ਰੀ ਮਦਨ ਲਾਲ ਸਿੰਗਲਾ, ਸਹਾਇਕ ਮੈਨੇਜਰ ਪੰਜਾਬ ਐੰਡ ਸਿੰਧ ਬੈਂਕ ਮਾਨਸਾ ਨੂੰ “ਕੌਣ ਬਣੇਗਾ ਕਰੋੜਪਤੀ” ਦੀ ਹੋਟ ਸੀਟ ‘ਤੇ ਪਹੁੰਚਕੇ ਮਾਨਸਾ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕਰਨ ‘ਤੇ ਉਨ੍ਹਾਂ ਦੇ ਘਰ ਪਹੁੰਚ ਕੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਰਮੇਸ਼ ਜਿੰਦਲ ਨੇ ਕਿਹਾ ਕਿ ਸਭਾ ਵੱਲੋਂ ਲੋਕ ਭਲਾਈ ਦੇ ਕਾਰਜ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ। ਇਸ ਸਾਦੇ ਸਨਮਾਨ ਸਮਾਰੋਹ ਮੌਕੇ ਮੈਂਬਰ ਪ੍ਰਵੀਨ ਟੋਨੀ, ਰੂਲਦੂ ਰਾਮ ਨੰਦਗੜ, ਸੰਜੀਵ ਕੁਮਾਰ ਬੌਬੀ ਅਤੇ ਗੋਰਵ ਕੁਮਾਰ ਹਾਜ਼ਰ ਸਨ।