*ਕਾਂਗਰਸੀ ਕੌਂਸਲਰਾਂ ਨੇ ਵਿਧਾਇਕ ਧਾਲੀਵਾਲ ਦੀ ਹਾਜ਼ਰੀ ‘ਚ ਅਫਵਾਹਾਂ ’ਤੇ ਲਾਇਆ ਵਿਰਾਮ*

0
31

ਫਗਵਾੜਾ 25 ਦਸੰਬਰ (ਸਾਰਾ ਯਹਾਂ/ਸ਼ਿਵ ਕੌੜਾ) ਫਗਵਾੜਾ ਨਗਰ ਨਿਗਮ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਬੇਮਿਸਾਲ ਜਿੱਤ ਨਾਲ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਆਸਾਨੀ ਨਾਲ ਆਪਣਾ ਮੇਅਰ ਬਣਾ ਲਵੇਗੀ ਪਰ ਇਸੇ ਦੌਰਾਨ ਸ਼ਹਿਰ ਵਿੱਚ ਇਹ ਚਰਚਾ ਚੱਲ ਪਈ ਕਿ ਆਪ ਪਾਰਟੀ ਬਸਪਾ ਦੇ ਤਿੰਨ ਕੌਂਸਲਰ ਤੇ ਕਾਂਗਰਸ ਦੇ ਕੁਝ ਬਾਗੀ ਕੌਂਸਲਰਾਂ ਨੂੰ ਨਾਲ ਰਲਾ ਕੇ ਅਕਾਲੀ-ਭਾਜਪਾ ਦੇ ਸਮਰਥਨ ਨਾਲ ਨਿਗਮ ’ਤੇ ਕਬਜ਼ਾ ਕਰ ਸਕਦੀ ਹੈ। ਪਰ ਅੱਜ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਇਨ੍ਹਾਂ ਅਫਵਾਹਾਂ ਦਾ ਜਵਾਬ ਦਿੱਤਾ ਹੈ। ਉਹਨਾਂ ਨੇ ਆਪਣੀ ਰਿਹਾਇਸ਼ ’ਤੇ ਗੱਲਬਾਤ ਦੌਰਾਨ ਨਾ ਸਿਰਫ ਖੁਦ ਇਹਨਾਂ ਅਫਵਾਹਾਂ ਨੂੰ ਆਪ ਪਾਰਟੀ ਦੀ ਹਾਰ ਦੀ ਨਿਰਾਸ਼ਾ ਦੱਸਿਆ ਬਲਕਿ ਉੱਥੇ ਮੌਜੂਦ ਕਾਂਗਰਸ ਦੇ ਚੁਣੇ ਹੋਏ ਕੋਂਸਲਰਾਂ ਨੇ ਵੀ ਇੱਕ ਸੁਰ ਵਿੱਚ ਇਸ ਨੂੰ ਕੋਰੀ ਅਫਵਾਹ ਦੱਸਦਿਆਂ ਪੂਰਨ ਵਿਰਾਮ ਲਗਾਇਆ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਨਗਰ ਨਿਗਮ ਚੋਣਾਂ ’ਚ ਸੂਬੇ ਦੀ ਸੱਤਾਧਾਰੀ ‘ਆਪ’ ਪਾਰਟੀ ਨੂੰ ਸ਼ਰਮਨਾਕ ਹਾਰ ਨਸੀਬ ਹੋਈ ਹੈ। ਕਿਉਂਕਿ ਕੁੱਲ ਪੰਜਾਹਾਂ ਵਿੱਚੋਂ ਉਨ੍ਹਾਂ ਦੇ ਸਿਰਫ਼ 12 ਕੌਂਸਲਰ ਹੀ ਚੁਣੇ ਗਏ ਹਨ। ਇਸ ਅਸਫਲਤਾ ’ਤੇ ਪਰਦਾ ਪਾਉਣ ਲਈ ਅਫਵਾਹਾਂ ਫੈਲਾ ਕੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਧਾਲੀਵਾਲ ਨੇ ਵਿਅੰਗ ਕਰਦਿਆਂ ਕਿਹਾ ਕਿ ਨਿਗਮ ਦੀ ਮੀਟਿੰਗ ਦੀ ਤਰੀਕ ਦਾ ਐਲਾਨ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ‘ਆਪ’ ਪਾਰਟੀ ਦੇ ਚੁਣੇ ਹੋਏ 12 ਕੌਂਸਲਰ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ ਜਾਂ ਨਹੀਂ। ਉਹਨਾਂ ਇਹ ਦਾਅਵਾ ਵੀ ਕੀਤਾ ਕਿ ਜੇਕਰ ਅੱਜ ਬਹੁਮਤ ਸਾਬਤ ਕਰਨਾ ਹੋਵੇ ਤਾਂ ਪੰਜਾਹ ਵਿੱਚੋਂ ਤੀਹ ਕੌਂਸਲਰ ਕਾਂਗਰਸ ਪਾਰਟੀ ਦੇ ਹੋਣਗੇ। ਇਸ ਦੌਰਾਨ ਕਾਂਗਰਸੀ ਕੌਂਸਲਰ ਸੰਜੀਵ ਬੁੱਗਾ ਨੇ ਕਿਹਾ ਕਿ ਉਨ੍ਹਾਂ ਦੇ 22 ਅਤੇ ਬੀ.ਐਸ.ਪੀ ਦੇ ਤਿੰਨੋਂ ਕੌਂਸਲਰ ਪੂਰੀ ਤਰ੍ਹਾਂ ਇਕਜੁੱਟ ਹਨ। ਕੌਂਸਲਰਾਂ ਨੂੰ ਧਮਕੀਆਂ ਦੇਣ ਦੀ ਕੋਸ਼ਿਸ਼ ਕਰਨ ਵਾਲੇ ‘ਆਪ’ ਪਾਰਟੀ ਦੇ ਆਗੂ ਅਜਿਹਾ ਕਰਨ ਤੋਂ ਗੁਰੇਜ ਕਰਨ ਨਹੀਂ ਤਾਂ ਚੰਗਾ ਨਹੀਂ ਹੋਵੇਗਾ। ਕਾਂਗਰਸ ਦੇ ਮੇਅਰ ਦੇ ਦਾਅਵੇਦਾਰ ਸੰਜੀਵ ਬੁੱਗਾ ਪਦਮਦੇਵ ਸੁਧੀਰ ਨਿੱਕਾ, ਰਾਮਪਾਲ ਉੱਪਲ, ਮਨੀਸ਼ ਪ੍ਰਭਾਕਰ ਅਤੇ ਹੋਰਨਾਂ ਨੇ ਵੀ ਇੱਕ ਆਵਾਜ਼ ਵਿੱਚ ਕਿਹਾ ਕਿ ‘ਆਪ’ ਪਾਰਟੀ ਆਪਣੀ ਹਾਰ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਇਸੇ ਲਈ ਮੇਅਰ ਬਣਨ ਦੇ ਸੁਪਨੇ ਦੇਖਦਿਆਂ ਮਜ਼ਾਕ ਦੀ ਪਾਤਰ ਬਣ ਰਹੀ ਹੈ। ਉਹਨਾਂ ਨੇ ਕਿਹਾ ਸੱਚ ਤਾਂ ਇਹ ਹੈ ਕਿ ਫਗਵਾੜਾ ਵਿੱਚ ਸਿਰਫ਼ ਕਾਂਗਰਸ ਪਾਰਟੀ ਦਾ ਹੀ ਮੇਅਰ ਬਣੇਗਾ। ਇੱਕ ਸਵਾਲ ਦੇ ਜਵਾਬ ਵਿਚ ਸਮੂਹ ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਜਿਸਨੂੰ ਵੀ ਹੁਕਮ ਦੇਵੇਗੀ ਉਹ ਹੀ ਕੌਂਸਲਰ ਸਰਬ ਸੰਮਤ ਮੇਅਰ ਹੋਵੇਗਾ।

LEAVE A REPLY

Please enter your comment!
Please enter your name here