ਮਾਨਸਾ 25 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ ਛੇਵਾਂ ਸ਼੍ਰੀ ਤੁਲਸੀ ਪੂਜਨ ਦਿਵਸ ਧੂਮਧਾਮ ਨਾਲ ਮਨਾਇਆ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਅਤੇ ਮੀਤ ਪ੍ਰਧਾਨ ਵਿੱਕੀ ਪੈਪਸੀ ਅਤੇ ਸਹਿ ਸਕੱਤਰ ਮਨੋਜ ਗੋਇਲ ਨੇ ਦੱਸਿਆ ਕਿ ਜੈ ਮਾਂ ਸ਼ਾਰਦਾ ਮੰਦਰ, ਮਾਨਸਾ ਵਿਖੇ ਜੈ ਮਾਂ ਸ਼ਾਰਦਾ ਸੰਕੀਰਤਨ ਮੰਡਲ (ਗੋਲਡਨ ਭਵਨ ਵਾਲੇ) ਮਾਨਸਾ ਵਾਲਿਆਂ ਦੇ ਬਹੁਮੁੱਲੇ ਸਹਿਯੋਗ ਨਾਲ ਅੰਮ੍ਰਿਤ ਵੇਲੇ ਸਵੇਰੇ 6 ਵਜੇ ਤੋਂ 7.30 ਵਜੇ ਤੱਕ ਇਹ ਸਮਾਗਮ ਆਯੋਜਿਤ ਕੀਤਾ ਗਿਆ।
ਅੱਜ ਦਾ ਸ਼੍ਰੀ ਤੁਲਸੀ ਪੂਜਨ ਐਡਵੋਕੇਟ ਨਵਲ ਗੋਇਲ ਜੀ ਸਾਬਕਾ ਪ੍ਰਧਾਨ, ਬਾਰ ਐਸੋਸੀਏਸ਼ਨ ਮਾਨਸਾ ਤੋਂ ਮੰਦਰ ਪੁਜਾਰੀ ਪੰਡਿਤ ਮਨੋਜ ਸ਼ਰਮਾ ਜੀ ਵੱਲੋਂ ਵਿਧੀ ਪੂਰਵਕ ਕਰਵਾਇਆ ਗਿਆ ਅਤੇ ਸੰਮਤੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਸਮਾਗਮ ਵਿੱਚ ਪ੍ਰਾਂਤ ਜਨ ਸੰਵਾਦ ਪ੍ਰਮੁੱਖ ਹਰਿਆਵਲ ਪੰਜਾਬ ਦੇ ਸਤਿਕਾਰਯੋਗ ਸ਼੍ਰੀ ਮੁਨੀਸ਼ ਹਾਂਡਾ ਜੀ ਨੇ ਵਿਸਥਾਰ ਪੂਰਵਕ ਵਿਆਖਿਆ ਕਰਦਿਆਂ ਕਿਹਾ ਕਿ ਮਹਾਂਰਾਣੀ ਤੁਲਸੀ ਜੀ ਇਸ ਭੂਮੀ ਤੇ ਭਗਵਾਨ ਦਾ ਸਾਕਸ਼ਾਤ ਸਰੂਪ ਹੈ। ਇਸ ਦਾ ਪੱਤਾ ਪੱਤਾ ਡਾਲੀ ਡਾਲੀ ਪੂਜਨ ਯੋਗ ਹੈ। ਇਹ ਸਾਨੂੰ ਦਿਨ ਰਾਤ ਆਕਸੀਜਨ ਪ੍ਰਦਾਨ ਕਰਦੀ ਹੈ, ਅਨੇਕਾਂ ਬਿਮਾਰੀਆਂ ਵਿੱਚ ਲਾਭਦਾਇਕ ਹੈ।
ਹਰ ਸਾਲ ਸੰਮਤੀ ਵੱਲੋਂ ਦਿੱਤਾ ਜਾਂਦਾ “ਤੁਲਸੀ ਸਨਮਾਨ” ਇਸ ਵਾਰ ਸ਼ਹਿਰ ਦੀ ਪ੍ਰਮੁੱਖ ਸੰਸਥਾ ਜੋ ਕਿ ਸਾਰੇ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਫ਼ਲਦਾਰ, ਛਾਂਦਾਰ ਅਤੇ ਬਿਮਾਰੀਆਂ ਲਈ ਉਪਯੋਗੀ ਰੁੱਖ ਲਗਾਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਰਹੀ ਜੈ ਸ਼੍ਰੀ ਕ੍ਰਿਸ਼ਨਾ ਪਲਾਂਟੇਸ਼ਨ ਗਰੁੱਪ ਮਾਨਸਾ ਨੂੰ ਸੰਮਤੀ ਵੱਲੋਂ ਸ਼ਰਧਾ ਪੂਰਵਕ ਦਿੱਤਾ ਗਿਆ।
ਰਸਭਿੰਨਾ ਸੰਕੀਰਤਨ “ਗੋਰਾਂ ਮਈਆ ਤਿਲਕ ਲਗਾਵਾਂ ਤੇਰੇ ਲਾਲ ਨੂੰ” “ਬਣ ਤਿੱਤਲੀ ਮੈਂ ਉੱਡਦੀ ਫਿਰਾਂ ਕਿਸ਼ੋਰੀ ਤੇਰੇ ਬਰਸਾਨੇ”, “ਮੇਰੀ ਮਈਆ ਮੇਰੇ ਸਾਥ ਹੈ ਤੋਂ ਫ਼ਿਰ ਡਰਨੇ ਕੀ ਕਿਆ ਬਾਤ ਹੈ”,”ਜਦੋਂ ਸ਼ਾਮ ਨੂੰ ਆਵੇਗਾ ਘਰ ਸ਼ਾਮ ਮੈਂ ਉਹਦੇ ਨਾਲ ਬੋਲਣਾ ਨਹੀਂ,” “ਐਸਾ ਚੱਕਰ ਚਲਾਇਆ ਰੇ ਸ਼ਾਮ ਤੇਰੀ ਉਂਗਲੀ ਨੇ” ਆਦਿ ਭਜਨ ਗਾਕੇ ਮਹਿਲਾ ਮੰਡਲਾਂ ਅਤੇ ਸਮੁੱਚੇ ਸ਼ਹਿਰ ਦੀਆਂ ਭਜਨ ਮੰਡਲੀਆਂ ਵੱਲੋਂ ਸ਼੍ਰੀ ਤੁਲਸੀ ਮਹਾਂਰਾਣੀ ਦਾ ਗੁਣਗਾਨ ਕੀਤਾ ਗਿਆ।
ਇਸ ਸ਼ੁਭ ਅਵਸਰ ਸ਼ਾਰਦਾ ਚੈਰੀਟੇਬਲ ਕੰਪਿਊਟਰਾਇਜ਼ਡ ਲੈਬੋਟਰੀ ਮਾਨਸਾ ਦੇ ਤਜਰਬੇਕਾਰ ਅਤੇ ਕੁਸ਼ਲ ਸਟਾਫ ਵੱਲੋਂ ਫ਼ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ 100 ਮਰੀਜ਼ਾਂ ਦੀ ਖ਼ਾਲੀ ਪੇਟ ਸ਼ੂਗਰ, ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ।
ਇਸ ਸਮਾਗਮ ਵਿੱਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।