ਮਾਨਸਾ 16 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਵਾਈਸ ਆਫ ਮਾਨਸਾ ਦੀ ਸਾਲ ਦੋ ਹਜ਼ਾਰ ਚੌਵੀ ਦੀ ਜਨਰਲ ਬਾਡੀ ਦੀ ਅੰਤਿਮ ਮੀਟਿੰਗ ਹੋਈ ।ਜਿਸ ਵਿੱਚ ਪੰਜਾਹ ਦੇ ਕਰੀਬ ਮੈਂਬਰਾ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਵਿੱਚ ਵਾਈਸ ਆਫ ਮਾਨਸਾ ਦੇ ਸੈਕਟਰੀ ਵਿਸ਼ਵਦੀਪ ਬਰਾੜ ਦੁਆਰਾ ਗਰੁੱਪ ਵੱਲੋ ਕੀਤੇ ਗਏ ਵੱਖ ਵੱਖ ਕੰਮਾਂ ਦਾ ਵੇਰਵਾ ਦਿੱਤਾ ਗਿਆ ਅਤੇ ਨਵੇਂ ਕੰਮ ਜਿਵੇਂ ਪਹਿਲਾਂ ਤੋਂ ਚੱਲ ਰਹੀ ਸੀਵਰੇਜ ਸਿਸਟਮ ਅਤੇ ਸ਼ਹਿਰ ਵਿੱਚ ਪਖਾਨੇ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।
ਇਸ ਮੌਕੇ ਤੇ ਬੋਲਦਿਆਂ ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਵੁਆਇਸ ਆਫ ਮਾਨਸਾ ਨੇ ਬਹੁਤ ਘੱਟ ਸਮੇਂ ਵਿੱਚ ਹੀ ਮਾਨਸਾ ਦੇ ਲੋਕਾਂ ਵਿੱਚ ਮਜ਼ਬੂਤੀ ਨਾਲ ਜਗਾ ਬਣਾਈ ਹੈ ।ਸ਼ਹਿਰ ਦੀ ਕੋਈ ਵੀ ਸਮੱਸਿਆ ਹੋਵੇਚਾਹੇ ਸੀਵਰੇਜ ਸਿਸਟਮ ,ਅਵਾਰਾ ਪਸ਼ੂ ,ਸ਼ਹਿਰ ਵਿੱਚ ਪਖਾਨੇ ਬਣਾਉਣ ,ਹਰ ਸਮੱਸਿਆ ਵੱਖ ਵੱਖ ਪੱਧਰ ਤੇ ਸਿਆਸੀ ਨੇਤਾਵਾਂ ਅਤੇ ਸਰਕਾਰ ਸਮੇਤ ਪ੍ਰਸ਼ਾਸਨ ਕੋਲ ਉਠਾਉਂਦਾ ਰਿਹਾ ਹੈ ਜਿਸਦੇ ਨਤੀਜੇ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੀਵਰੇਜ ਦੀ ਸਮੱਸਿਆ ਦੇ ਹੱਲ ਸਬੰਧੀ ਕੀਤੇ ਐਲਾਨ ਤਹਿਤ ਨਗਰ ਕੌਂਸਲ ਵਲੋਂ ਪਾਣੀ ਦੀ ਨਿਕਾਸੀ ਲਈ ਲੋੜੀਦਾ ਮਤਾ ਪਾ ਕੇ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਉਹਨਾਂ ਉਮੀਦ ਜਿਤਾਈ ਕਿ ਨਵੇਂ ਸਾਲ ਵਿਚ ਮਾਨਸਾ ਵਾਸੀ ਇਸ ਸਮੱਸਿਆ ਤੋਂ ਨਿਜ਼ਾਤ ਪਾ ਲੈਣਗੇ।
ਇਸ ਮੋਕੇ ਹਰਿੰਦਰ ਮਾਨਸਾਹੀਆ ਨੇ ਵਾਈਸ ਆਫ ਮਾਨਸਾ ਦੇ ਸਾਰੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੀ ਇਸ ਸੰਸਥਾ ਦਾ ਮਜ਼ਬੂਤੀ ਨਾਲ ਸਾਥ ਦੇਣ ਤੇ ਸੰਸਥਾ ਹਰ ਪਾਸੇ ਤੋਂ ਨਿਰਲੇਪ ਰਹਿ ਕੇ ਸਿਰਫ ਜਨਤਕ ਭਲਾਈ ਦੇ ਕੰਮਾਂ ਤੇ ਹੀ ਜ਼ੋਰ ਦੇਣ। ਉਹਨਾਂ ਵਲੋਂ ਸ਼ਹਿਰ ਦੀਆਂ ਸੜਕਾਂ ਦੇ ਟੋਏ ਜੇਕਰ ਸਰਕਾਰ ਵਲੋਂ ਨਹੀਂ ਭਰੇ ਜਾਂਦੇ ਤਾਂ ਜਨਤਕ ਪਹਿਲ ਤਹਿਤ ਆਪ ਭਰਨ ਲਈ ਪਹਿਲਕਦਮੀ ਕੀਤੇ ਜਾਣ ਦੀ ਮੰਗ ਕੀਤੀ। ਸਾਬਕਾ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਜੇਕਰ ਅਸੀਂ ਇਸੇ ਤਰ੍ਹਾਂ ਇਕਜੁੱਟ ਰਹੇ ਤਾਂ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਮਜ਼ਬੂਤੀ ਨਾਲ ਹੱਲ ਕਰਵਾ ਸਕਦੇ ਹਾਂ। ਉਹਨਾਂ ਸ਼ਹਿਰ ਦੇ ਸਨੱਅਤੀ ਅਤੇ ਵਿਦਿਅਕ ਵਿਕਾਸ ਦੀ ਲੋੜ ਤੇ ਵੀ ਜ਼ੋਰ ਦਿੱਤਾ।ਇਸ ਮੌਕੇ ਸੰਸਥਾ ਦੇ ਮੈਂਬਰ ਡਾ ਲਖਵਿੰਦਰ ਸਿੰਘ ਮੂਸਾ ਵਲੋਂ ਆਪਣੀ ਪਲੇਠੀ ਮਿੰਨੀ ਕਹਾਣੀਆਂ ਦੀ ਕਿਤਾਬ ਬਾਰੇ ਵੀ ਸਭ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇੱਕ ਮਿੰਨੀ ਕਹਾਣੀ ਵੀ ਸੁਣਾਈ।
ਸੰਸਥਾ ਦੇ ਮੈਂਬਰ ਬਲਜੀਤ ਸਿੰਘ ਸੂਬਾ ਵਲੋਂ 24 ਦਸੰਬਰ ਨੂੰ ਮਾਨਸਾ ਕੈਂਚੀਆਂ ਤੇ ਦਸਤਾਰਾਂ ਦੇ ਲੰਗਰ ਮੌਕੇ ਸੰਸਥਾ ਵਲੌਂ ਆਉਣ ਜਾਣ ਵਾਲੇ ਵਾਹਨਾਂ ਤੇ ਧੁੰਦ ਵਿਚ ਐਕਸੀਡੈਂਟ ਤੋਂ ਬਚਾਉਣ ਲਈ ਰਿਫਲੈਕਟਰ ਲਗਾਉਣ ਦੀ ਮੰਗ ਨੂੰ ਮੰਨਦੇ ਹੋਏ ਸੰਸਥਾ ਵਲੋਂ ਇਹ ਮੁਹਿੰਮ ਚਲਾਉਣ ਦਾ ਵੀ ਐਲਾਨ ਕੀਤਾ ਗਿਆ। ਇਸ ਸਾਲ ਦੇ ਅੰਤ ਵਿਚ 6 ਨਵੇਂ ਮੈਂਬਰਾਂ ਐਡਵੋਕੇਟ ਆਰ ਸੀ ਗੋਇਲ, ਪਰਸ਼ੋਤਮ ਕੁਮਾਰ ਅੰਦਾਜ਼ ਪ੍ਰੈੱਸ, ਰਿਟਾਇਰ ਇਨਕਮ ਟੈਕਸ ਅਫਸਰ ਐਸ ਪੀ ਜਿੰਦਲ, ਐਫ ਸੀ ਆਈ ਦੇ ਰਿਟਾਇਰ ਅਧਿਕਾਰੀ ਪਵਨ ਜਿੰਦਲ, ਵਿਜੈ ਕੁਮਾਰ ਰਿਟਾਇਰ ਐਸ ਡੀ ਓ ਅਤੇ ਰਾਕੇਸ਼ ਕੁਮਾਰ ਬਾਲਾ ਜੀ ਟੈਲੀਕਾਮ ਨੂੰ ਸੰਸਥਾ ਵਿਚ ਸ਼ਾਮਿਲ ਕੀਤਾ ਗਿਆ। ਇਸਦੇ ਨਾਲ ਹੀ ਹਰਜੀਵਨ ਸਰਾਂ ਦੀ ਅਗਵਾਈ ਵਿਚ ਉਮੀਦ ਚੈਰੀਟੀ ਦੇ ਮਹੀਨਾਵਾਰ ਫੰਡ ਇਕੱਤਰਤਾ ਵੀ 25 ਮੈਂਬਰਾਂ ਨਾਲ ਸ਼ੁਰੂ ਕੀਤੀ ਗਈ। ਇਸ ਮੋਕੇ ਡਾ ਸ਼ੇਰਜੰਗ ਸਿੰਘ ਸਿੱਧੂ, ਸੀਨੀਅਰ ਸਿਟਜ਼ਿਨ ਆਗੂ ਬਿੱਕਰ ਸਿੰਘ ਮਘਾਣੀਆ, ਬਿੱਟੂ ਜੋਗਾ, ਰਵਿੰਦਰ ਗਰਗ, ਸਮੇਤ ਸ਼ਹਿਰ ਦੇ ਉੱਘੇ ਸਮਾਜ ਸੇਵੀ ਵੀ ਮੌਜੂਦ ਸਨ।