ਫਗਵਾੜਾ 14 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਅਦਾਲਤਾਂ ਵਿੱਚ ਕੇਸਾਂ ਦੇ ਬੋਝ ਨੂੰ ਘੱਟ ਕਰਨ ਦੇ ਉਦੇਸ਼ ਨਾਲ ਫਗਵਾੜਾ ਕੋਰਟ ਕੰਪਲੈਕਸ ਵਿਖੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜੁਡੀਸ਼ੀਅਲ ਮੈਜਿਸਟਰੇਟ ਸੀਨੀਅਰ ਡਵੀਜ਼ਨ ਸੁਰੇਖਾ ਡਡਵਾਲ, ਸ੍ਰੀ ਹਰਸ਼ਬੀਰ ਸੰਧੂ (ਜੇ.ਐਮ.ਆਈ.ਸੀ.) ਤੋਂ ਇਲਾਵਾ ਮੈਂਬਰ ਐਡਵੋਕੇਟ ਧਨਦੀਪ ਕੌਰ, ਅੰਕਿਤ ਢੀਂਗਰਾ ਅਤੇ ਸੋਨਿਕਾ ਹਾਂਡਾ ਤੇ ਸੰਨੀ ਦੇਵ ਨੇ ਕੁੱਲ 1250 ਕੇਸਾਂ ਵਿੱਚੋਂ 725 ਕੇਸਾਂ ਦਾ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ ’ਤੇ ਹੀ ਨਿਪਟਾਰਾ ਕੀਤਾ। ਬਾਰ ਐਸੋਸੀਏਸ਼ਨ ਫਗਵਾੜਾ ਦੀ ਜਨਰਲ ਸਕੱਤਰ ਐਡਵੋਕੇਟ ਧਨਦੀਪ ਕੌਰ ਨੇ ਦੱਸਿਆ ਕਿ ਲੋਕ ਅਦਾਲਤਾਂ ਉਹ ਮੰਚ ਹਨ ਜਿੱਥੇ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਲੋਕ ਅਦਾਲਤ ਨੂੰ ਮਸਲਿਆਂ ਦੇ ਨਿਪਟਾਰੇ ਦਾ ਬਦਲਵਾਂ ਸਾਧਨ ਕਿਹਾ ਜਾ ਸਕਦਾ ਹੈ। ਜਿਸ ਵਿੱਚ ਆਮ ਤੌਰ ਤੇ ਜਾਇਦਾਦ ਸਬੰਧੀ ਵਿਵਾਦ, ਵਿੱਤੀ ਝਗੜੇ, ਅਤੇ ਵਿਆਹੁਤਾ ਮਸਲਿਆਂ ਵਰਗੇ ਘਰੇਲੂ ਮਸਲਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਵਿੱਚ ਕਿਸੇ ਵੀ ਧਿਰ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਂਦਾ ਹੈ। ਲੋਕ ਅਦਾਲਤ ਦੇ ਫੈਸਲੇ ਅਨੁਸਾਰ ਮੁਆਵਜ਼ਾ ਅਤੇ ਹਰਜਾਨਾ ਵੀ ਤੁਰੰਤ ਅਦਾ ਕੀਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਲੋਕ ਅਦਾਲਤ ਦੇ ਫੈਸਲਿਆਂ ਦੀ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ। ਲੋਕ ਅਦਾਲਤ ਵਿੱਚ ਸੈਟਲਮੈਂਟ ਰਾਹੀਂ ਨਿਪਟਾਏ ਗਏ ਕੇਸਾਂ ਦੀ ਕੋਰਟ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ। ਇਸ ਮੌਕੇ ਐਡਵੋਕੇਟ ਅਸ਼ੀਸ਼ ਕੁਮਾਰ, ਐਡਵੋਕੇਟ ਸੰਜਨਾ, ਐਡਵੋਕੇਟ ਮਨਪ੍ਰੀਤ ਕੌਰ, ਐਡਵੋਕੇਟ ਪ੍ਰਭਾ, ਐਡਵੋਕੇਟ ਮਮਤਾ ਰਾਣੀ, ਐਡਵੋਕੇਟ ਮਨਮੋਹਨ ਸਿੰਘ, ਐਡਵੋਕੇਟ ਰਾਜੀਵ ਸ਼ਰਮਾ, ਐਡਵੋਕੇਟ ਗੁਰਦੇਵ ਸਿੰਘ ਆਦਿ ਹਾਜ਼ਰ ਸਨ।