10 ਦਸੰਬਰ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੀ ਸੂਬਾ ਕਮੇਟੀ ਵੱਲੋਂ ਅੱਜ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ਼ ਮੌਕੇ ਪ੍ਰੈਸ ਨੋਟ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਹਾਸਲ ਕਰਨ ਲਈ ਸੰਸਾਰ ਭਰ ਦੇ ਲੋਕਾਂ ਦੁਆਰਾ ਕੀਤੀ ਕਈ ਸਦੀਆਂ ਦੀ ਜਦੋਜਹਿਦ ’ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਸੰਸਾਰ ਭਰ ਦੇ ਸ਼ਾਸ਼ਕਾਂ ਨੇ ਕੋਈ ਖੈਰਾਤ ਵਿੱਚ ਨਹੀਂ ਦਿੱਤੇ। ਇਹ ਸੰਸਾਰ ਭਰ ਦੇ ਲੱਖਾਂ ਕਰੋੜਾਂ ਲੋਕਾਂ ਦੀਆਂ ਕੁਰਬਾਨੀਆਂ ਦਾ ਹੀ ਸਿੱਟਾ ਸੀ ਕਿ ਯੂ.ਐਨ.ਓ ਨੇ 10 ਦਸੰਬਰ 1948 ਨੂੰ “ ਮਨੁੱਖੀ ਅਧਿਕਾਰਾਂ ਦਾ ਯੂਨੀਵਰਸਲ ਐਲਾਨਨਾਮਾ” ਜਾਰੀ ਕੀਤਾ । ਹਾਲਾਂਕਿ ਸਨਮਾਨਜਨਕ ਤੇ ਅਰਥ-ਭਰਪੂਰ ਸਾਰਥਿਕ ਜ਼ਿੰਦਗੀ ਜਿਉਣ ਲਈ ਇਹ ਅਧਿਕਾਰ ਕਾਫੀ ਨਹੀਂ ਅਤੇ ਹੋਰ ਬਹੁਤ ਸਾਰੇ ਜ਼ਮਹੂਰੀ ਅਧਿਕਾਰਾਂ ਦੀ ਜ਼ਰੂਰਤ ਹੈ ਪਰ ਇਨ੍ਹਾਂ ਹਾਸਲ ਅਧਿਕਾਰਾਂ ਨੂੰ ਵੀ ਸਮੇਂ ਦੀਆਂ ਸਰਕਾਰਾਂ ਤੋਂ ਲਾਗੂ ਕਰਵਾਉਣ ਲਈ ਇਨ੍ਹਾਂ ਅਧਿਕਾਰਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਣਾ ਅਤੇ ਰਾਖੀ ਲਈ ਵਿਸ਼ਾਲ ਜਥੇਬੰਦਕ ਏਕੇ ਦੇ ਸਹਾਰੇ ਲਗਾਤਾਰ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਆਗੂਆਂ ਨੇ ਕਿਹਾ ਕਿ ਭਾਵੇਂ ਭਾਰਤ ਦਾ ਨਾਮ ਇਸ ਐਲਾਨਨਾਮੇ ਉਪਰ ਸਹੀ ਪਾਉਣ ਵਾਲੇ ਮੁਲਕਾਂ ਦੀ ਲਿਸਟ ਵਿਚ ਸ਼ੁਮਾਰ ਹੈ ਪ੍ਰੰਤੂ ਆਏ ਦਿਨ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਸਿਆਸੀ ਅਸਹਿਮਤ ਕਾਰਕੁਨਾਂ ਨੂੰ ਬਗੈਰ ਮੁਕੱਦਮਾ ਚਲਾਏ ਸਾਲਾਂਬੱਧੀ ਜੇਲ੍ਹਾਂ ਵਿਚ ਸੁੱਟੀ ਰੱਖਣਾ, ਬੋਲਣ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾਂ ਗਲਾ ਘੁਟੀ ਰੱਖਣ ਆਦਿ ਤਾਂ ਇਨ੍ਹਾਂ ਹਮਲਿਆਂ ਦੀ ਬਹੁਤ ਲੰਬੀ ਲਿਸਟ ਦੀ ਇੱਕ ਝਲਕ ਮਾਤਰ ਹੈ। ਇਸ ਦੀ ਉਦਾਹਰਨ ਸ਼ੰਭੂ ਬੈਰੀਅਰ ਤੇ ਅਤੇ ਜ਼ਿਲ੍ਹਾ ਮਾਨਸਾ , ਬਠਿੰਡਾ ਸਮੇਤ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਕਿਸਾਨੀ ਮੰਗਾਂ ਨੂੰ ਲੈਕੇ ਚੱਲ ਰਹੇ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤਾ ਜਾ ਰਿਹਾ ਅਥਾਹ ਲਾਠੀਚਾਰਜ , ਅੱਥਰੂ ਗੈਸ ਅਤੇ ਵਹੀਕਲਾਂ ਦੀ ਕੀਤੀ ਜਾ ਰਹੀ ਭੰਨ ਤੋੜ ਅਤੇ ਮੰਗਾਂ ਮਨਵਾਉਣ ਲਈ ਮਰਨ ਵਰਤ ਵਰਗੇ ਫੈਸਲਾ ਕਰਨ ਲਈ ਮਜਬੂਰ ਹੋਣਾ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਦੀ ਉਦਾਹਰਣ ਹੀ ਹੈ ਦੀ ਐਸੋਸੀਏਸ਼ਨ ਪੁਰਜ਼ੋਰ ਨਿਖੇਧੀ ਕਰਦਿਆਂ ਮੰਗਾਂ ਦਾ ਸਮਰਥਨ ਕਰਦੀ ਹੈ। ਅੱਜ ਸਾਂਝੀਆਂ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਕੀਤੇ ਗਏ ਸਾਂਝੇ ਪ੍ਰੋਗਰਾਮਾਂ ਵਿੱਚ ਵੀ ਐਸੋਸੀਏਸਨ ਵੱਲੋਂ ਸ਼ਮੂਲੀਅਤ ਕੀਤੀ ਗਈ । ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ ਅਤੇ ਸੂਬਾ ਚੇਅਰਮੈਨ ਐਚ ਐਸ ਰਾਣੂ ਨੇ ਕੀਤਾ।