ਬੁਢਲਾਡਾ 1 ਦਸੰਬਰ (ਸਾਰਾ ਯਹਾਂ/ਮਹਿਤਾ ਅਮਨ)
ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ, ਬੋਹਾ ਦੇ ਖਿਡਾਰੀਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਵਿੰਦਰ ਸਿੰਘ (ਸਟੇਟ ਐਵਾਰਡੀ) ਪੰਜਾਬੀ ਮਾਸਟਰ ਦੀ ਸਿਖਲਾਈ ਰਾਹੀਂ ਸਕੂਲ ਦੇ ਵਿਦਿਆਰਥੀਆਂ ਨੇ 68 ਵੀਆਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਸਰਕਾਰੀ ਸ਼ੂਟਿੰਗ ਰੇਂਜ, ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਭਾਗ ਲਿਆ। ਇਨ੍ਹਾਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਲੜਕੀਆਂ ਦੇ ਅੰਡਰ 19 ਉਮਰ ਵਰਗ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ਵਿੱਚ ਮਨਜੀਤ ਕੌਰ ਨੇ 333 ਅੰਕ ਪ੍ਰਾਪਤ ਕਰਕੇ ਵਿਅਕਤੀਗਤ ਤੌਰ ‘ਤੇ ਦੂਸਰਾ ਅਤੇ ਟੀਮ ਦੇ ਤੌਰ ‘ਤੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ।ਸਕੂਲ ਦੀ ਵਿਦਿਆਰਥਣ ਮਨਜੀਤ ਕੌਰ ਪੰਜਾਬ ਰਾਜ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਮੱਧ ਪ੍ਰਦੇਸ਼ ਵਿਖੇ ਭਾਗ ਲੈਣ ਲਈ ਰਵਾਨਾ ਹੋਵੇਗੀ। ਲੜਕੀਆਂ ਦੇ ਅੰਡਰ 17 ਉਮਰ ਵਰਗ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ਵਿੱਚ ਜੈਸਮੀਨ ਕੌਰ ਨੇ ਟੀਮ ਦੇ ਤੌਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਅੰਡਰ 14 ਉਮਰ ਵਰਗ ਦੇ ਏਅਰ ਰਾਈਫ਼ਲ ਓਪਨ ਸਾਈਟ ਈਵੈਂਟ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਬੋਹਾ ਸਕੂਲ ਦੇ ਖਿਡਾਰੀਆਂ ਨੇ ਅੱਜ ਤੋਂ ਪਹਿਲਾਂ ਰਾਈਫ਼ਲ ਸ਼ੂਟਿੰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ 7 ਤਗਮੇ ਅਤੇ ਰਾਸ਼ਟਰ ਪੱਧਰ ਦੇ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਇੱਕ ਤਗਮਾ ਪ੍ਰਾਪਤ ਕਰ ਚੁੱਕੇ ਹਨ। ਹੁਣ ਤੱਕ ਰਾਜ ਪੱਧਰੀ ਮੁਬਾਲਿਆਂ ਦੇ ਤਗਮਿਆਂ ਦੀ ਸੂਚੀ 10 ਹੋ ਗਈ ਹੈ।ਉਮੀਦ ਹੈ ਕਿ ਰਾਸ਼ਟਰ ਪੱਧਰ ਦੇ ਤਗਮਿਆਂ ਦੀ ਸੂਚੀ ਵਿੱਚ ਵੀ ਵਾਧਾ ਹੋਵੇਗਾ। ਇਸ ਪ੍ਰਾਪਤੀ ਲਈ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਅਤੇ ਡਾ. ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਜੇਤੂ ਖਿਡਾਰੀਆਂ ਅਤੇ ਸ਼ੂਟਿੰਗ ਦੀ ਸਿਖਲਾਈ ਪ੍ਰਦਾਨ ਕਰਨ ਵਾਲੇ ਅਧਿਆਪਕ ਬਲਵਿੰਦਰ ਸਿੰਘ (ਸਟੇਟ ਐਵਾਰਡੀ) ਪੰਜਾਬੀ ਮਾਸਟਰ ਨੂੰ ਵਧਾਈਆਂ ਦਿੱਤੀਆਂ।ਸੰਸਥਾ ਦੇ ਮੁਖੀ ਨੇ ਇਸ ਪ੍ਰਾਪਤੀ ਲਈ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਲਵਿੰਦਰ ਸਿੰਘ ( ਸਟੇਟ ਐਵਾਰਡੀ ) ਦੇ ਕਾਰਜ ਦੀ ਪ੍ਰਸੰਸਾ ਕੀਤੀ। ਸਕੂਲ ਪਹੁੰਚਣ ‘ਤੇ ਜੇਤੂ ਵਿਦਿਆਰਥੀਆਂ ਅਤੇ ਸ਼ੂਟਿੰਗ ਕੋਚ ਦਾ ਸਨਮਾਨ ਵੀ ਕੀਤਾ ਜਾਵੇਗਾ । ਇਸ ਮੌਕੇ ਗਗਨਪ੍ਰੀਤ ਵਰਮਾ ਲੈਕਚਰਾਰ ਸਰੀਰਕ ਸਿੱਖਿਆ ਅਤੇ ਜਸਵਿੰਦਰ ਸਿੰਘ ਡੀ.ਪੀ.ਈ. ਨੇ ਇਸ ਪ੍ਰਾਪਤੀ ‘ਤੇ ਖ਼ੁਸ਼ੀ ਜਾਹਰ ਕਰਦਿਆਂ ਸ਼ੂਟਿੰਗ ਕੋਚ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਪ੍ਰਾਪਤੀ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ,ਉਪ ਚੇਅਰਮੈਨ, ਸਮੂਹ ਮੈਂਬਰ ਸਾਹਿਬਾਨ, ਸਮੂਹ ਸਟਾਫ਼ , ਸਕੂਲ ਕੈਂਪਸ ਮੈਨੇਜਰ ਅਤੇ ਸੁਰੱਖਿਆ ਗਾਰਡ ਨੇ ਵਧਾਈਆਂ ਦਿੱਤੀਆਂ। ਸਕੂਲ ਦੇ ਵਿਦਿਆਰਥੀਆਂ ਨੇ ਵੀ ਜੇਤੂ ਖਿਡਾਰੀਆਂ ਅਤੇ ਸ਼ੂਟਿੰਗ ਕੋਚ ਦਾ ਨਿੱਘਾ ਸਵਾਗਤ ਕੀਤਾ।