*ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਲਈ ਚੁਣੇ ਗਏ ਨੰਨ੍ਹੇ ਖਿਡਾਰੀਆਂ ਨੂੰ ਵੰਡੇ ਟਰੈਕ ਸੂਟ*

0
27

ਮਾਨਸਾ, 22 ਨਵੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਖੇਡਾਂ ਦਾ ਮੁੱਢ ਪ੍ਰਾਇਮਰੀ ਪੱਧਰ ਤੋਂ ਹੀ ਬੱਝਦਾ ਹੈ। ਪ੍ਰਾਇਮਰੀ ਖੇਡਾਂ ’ਚ ਵਿਸ਼ੇਸ਼ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਦਾ ਭਵਿੱਖ ਸੁਨਹਿਰੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਆਈ.ਏ.ਐਸ. ਨੇ ਪੰਜਾਬ ਰਾਜ ਪ੍ਰਾਇਮਰੀ ਖੇਡਾਂ ਲਈ ਚੁਣੇ ਗਏ ਜ਼ਿਲ੍ਹਾ ਮਾਨਸਾ ਦੇ ਖਿਡਾਰੀਆਂ ਨੂੰ ਟਰੈਕ ਸੂਟ ਵੰਡਣ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੁੜਨਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਨੰਨ੍ਹੇ ਖਿਡਾਰੀ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਹਨ ਜਿੰਨ੍ਹਾਂ ਨੂੰ ਵੇਖ ਕੇ ਹੋਰ ਨੌਜਵਾਨ ਲੜਕੇ ਤੇ ਲੜਕੀਆਂ ਵੀ ਖੇਡਾਂ ਵੱਲ ਪ੍ਰੇਰਿਤ ਹੋਣਗੇ।
ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਸਿੱਖਿਆ ਵਿਕਾਸ ਮੰਚ ਅਤੇ ਮੰਚ ਦੇ ਵਿਸ਼ੇਸ਼ ਸਹਿਯੋਗੀ ਯਾਦਵਿੰਦਰ ਸਿੰਘ ਬਹਿਣੀਵਾਲ ਪ੍ਰਾਇਮਰੀ ਖਿਡਾਰੀਆਂ ਨੂੰ ਹਰ ਸਾਲ ਟਰੈਕ ਸੂਟ ਅਤੇ ਖੇਡਾਂ ਦਾ ਹੋਰ ਸਾਜੋ ਸਮਾਨ ਮਹੁੱਈਆ ਕਰਵਾਉਂਦੇ ਹਨ। ਸਮਾਜ ਸੇਵੀ ਯਾਦਵਿੰਦਰ ਸਿੰਘ ਬਹਿਣੀਵਾਲ ਵੱਲੋਂ ਹਰ ਸਾਲ ਆਪਣੇ ਜਨਮ ਦਿਨ ਮੌਕੇ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਸਕੂਲਾਂ ਵਿੱਚ ਕਿਤਾਬਾਂ, ਸਟੇਸ਼ਨਰੀ ਦਿੱਤੀ ਜਾਂਦੀ ਹੈ।
           ਜਨਰਲ ਸਕੱਤਰ ਸਿੱਖਿਆ ਵਿਕਾਸ ਮੰਚ ਹਰਜੀਵਨ ਸਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੰਚ ਵੱਲੋਂ ਪ੍ਰਾਇਮਰੀ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਮੰਚ ਵੱਲੋਂ ਪ੍ਰਾਇਮਰੀ ਖੇਡਾਂ ਦੀ ਟਰੇਨਿੰਗ ਅਤੇ ਖੇਡਾਂ ਦੇ ਸਾਜੋ ਸਮਾਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਸੈਸ਼ਨ ਦੇ ਸ਼ੁਰੂ ਤੋਂ ਹੀ ਪ੍ਰਾਇਮਰੀ ਖਿਡਾਰੀਆਂ ਦੀ ਟਰੇਨਿੰਗ ਦੀ ਸ਼ੁਰੂਆਤ ਕੀਤੀ ਜਾਵੇਗੀ।
      ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਗੁਰਨਾਮ ਸਿੰਘ, ਹੈੱਡ ਟੀਚਰ ਅਮਨਦੀਪ ਸ਼ਰਮਾ, ਅਧਿਆਪਕ ਆਗੂ ਵਿਜੈ ਕੁਮਾਰ, ਬਚਿੱਤਰ ਸਿੰਘ, ਜੋਗਿੰਦਰ ਸਿੰਘ, ਇਕਬਾਲ ਸਿੰਘ, ਸੁਖਜੀਤ ਭੈਣੀ ਹਾਜ਼ਰ ਸਨ।

LEAVE A REPLY

Please enter your comment!
Please enter your name here