*ਜ਼ਿਲੇ ਦੀਆਂ ਮੰਡੀਆਂ ਵਿੱਚ ਪੁੱਜਾ 288923 ਮੀਟਰਕ ਟਨ ਝੋਨਾ ; 234780 ਦੀ ਹੋਈ ਖਰੀਦ*

0
15

ਮਾਨਸਾ, 02 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੀਆ ਮੰਡੀਆ ਵਿੱਚ ਝੋਨੇ ਦੀ ਖਰੀਦੋ-ਫਰੋਖ਼ਤ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 288923 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ  ਅਤੇ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 234780 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਖਰੀਦ ਕੀਤੇ ਝੋਨੇ ਦੀ ਨਿਰਧਾਰਿਤ ਸਮੇਂ ਅੰਦਰ ਲਿਫ਼ਟਿੰਗ ਵੀ ਯਕੀਨੀ ਬਣਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਖਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਮੰਡੀਆਂ ਵਿਚ ਪੀਣ ਵਾਲੇ ਸਾਫ਼ ਪਾਣੀ, ਸਾਫ਼-ਸਫ਼ਾਈ, ਅਤੇ ਬਾਰਦਾਨੇ ਦੀ ਉੁਚਿੱਤ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਲਿਆਂਦੀ ਫਸਲ ਦੀ ਖਰੀਦ ਬਦਲੇ ਉਨ੍ਹਾਂ ਨੂੰ ਕਰੀਬ 398 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਮਾਨਸਾ ਸ਼੍ਰੀ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਖਰੀਦ ਕੀਤੀ ਗਈ 2 ਲੱਖ 34 ਹਜ਼ਾਰ 780 ਮੀਟਰਕ ਟਨ ਫਸਲ ਵਿੱਚੋਂ ਪਨਗਰੇਨ ਵੱਲੋਂ 80 ਹਜ਼ਾਰ 739 ਮੀਟਰਕ ਟਨ, ਮਾਰਕਫੈਡ ਵੱਲੋਂ 76 ਹਜ਼ਾਰ 343 ਮੀਟਰਕ ਟਨ, ਪਨਸਪ ਵੱਲੋਂ 51 ਹਜ਼ਾਰ 621 ਅਤੇ ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ 26 ਹਜ਼ਾਰ 77 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 1 ਲੱਖ 60 ਹਜ਼ਾਰ 308 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਵੀ ਕਰਵਾਈ ਜਾ ਚੁੱਕੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ। ਇਸ ਲਈ ਝੋਨੇ ਦੀ ਕਟਾਈ ਕਰਨ ਉਪਰੰਤ ਪਰਾਲੀ ਜਾਂ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਇ ਆਧੁਨਿਕ ਤਕਨੀਕਾਂ ਜਾਂ ਖੇਤੀ ਸੰਦਾਂ ਨਾਲ ਇਸਦਾ ਯੋਗ ਪ੍ਰਬੰਧਨ ਕਰਨ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।

LEAVE A REPLY

Please enter your comment!
Please enter your name here