ਫਗਵਾੜਾ 26 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਅੱਜ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਸਥਿਤ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਮੰਡੀ ਵਿਚ ਆਈ ਝੋਨੇ ਦੀ ਫਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਸੂਬਾ ਸਰਕਾਰ ਅਤੇ ਕੇਂਦਰੀ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਦੇ ਬਹੁਤ ਹੀ ਮਾੜੇ ਪ੍ਰਬੰਧ ਕੀਤੇ ਗਏ ਹਨ। ਲਿਫਟਿੰਗ ਦਾ ਕੰਮ ਬਿਲਕੁਲ ਠੱਪ ਪਿਆ ਹੈ। ਦੂਸਰੇ ਪਾਸੇ ਸ਼ੈਲਰ ਮਾਲਕ ਵੀ 100 ਬੋਰੀਆਂ ਮਗਰ ਪੰਜ ਤੋਂ ਸੱਤ ਬੋਰੀਆਂ ਦੀ ਕਾਟ ਕੱਟ ਕੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਹਨ। ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਕਿਸਾਨਾਂ ਨੂੰ ਕਦੇ ਵੀ ਝੋਨੇ, ਕਣਕ ਜਾਂ ਕਿਸੇ ਹੋਰ ਫਸਲ ਸੰਬੰਧੀ ਸਮੱਸਿਆ ਨਹੀਂ ਹੋਣ ਦਿੱਤੀ ਗਈ ਜਦਕਿ ਭਗਵੰਤ ਮਾਨ ਸਰਕਾਰ ਦੇ ਰਾਜ ਵਿਚ ਕਿਸਾਨਾਂ ਨਾਲ ਬਹੁਤ ਜਿਆਦਾ ਧੱਕੇਸ਼ਾਹੀ ਅਤੇ ਸੋਸਣ ਹੋ ਰਿਹਾ ਹੈ। ਜਿਸਦੀ ਉਹ ਸਖਤ ਨਖੇਧੀ ਕਰਦੇ ਹੋਏ ਸਰਕਾਰ ਤੋਂ ਮੰਗ ਕਰਦੇ ਹਨ ਕਿ ਝੋਨੇ ਦੀ ਲਿਫਟਿੰਗ ਤੁਰੰਤ ਸ਼ੁਰੂ ਕਰਵਾਈ ਜਾਵੇ ਅਤੇ ਸ਼ੈਲਰ ਮਾਲਕਾਂ ਵਲੋਂ ਕਿਸਾਨਾਂ ਦਾ ਕੀਤਾ ਜਾ ਰਿਹਾ ਸ਼ੋਸ਼ਣ ਬੰਦ ਹੋਵੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿਚ ਅੰਦੋਲਨ ਕਰਨ ਲਈ ਮਜਬੂਰ ਹੋਵੇਗਾ। ਉਹਨਾਂ ਆੜ੍ਹਤੀ ਵੀਰਾਂ ਨੂੰ ਵੀ ਕਿਸਾਨਾਂ ਨੂੰ (ਐਮ.ਐਸ.ਪੀ.) ਘੱਟੋ ਘੱਟ ਖਰੀਦ ਮੁੱਲ ਦੀ ਅਦਾਇਗੀ ਯਕੀਨੀ ਬਨਾਉਣ ਅਤੇ ਦੀਵਾਲੀ ਤੋਂ ਪਹਿਲਾਂ ਝੋਨੇ ਦੀ ਖਰੀਦ ਦਾ ਕੰਮ ਵੀ ਵੱਧ ਤੋਂ ਵੱਧ ਮੁਕੱਮਲ ਕਰਕੇ ਕਿਸਾਨਾਂ ਨੂੰ ਫਸਲ ਦਾ ਸਾਰਾ ਮੁੱਲ ਅਦਾ ਕਰਨ ਦੀ ਮੰਗ ਵੀ ਜੋਰ ਦੇ ਕੇ ਕੀਤੀ ਹੈ। ਤਾ ਜੋ ਕਿਸਾਨ ਭਰਾ ਵੀ ਅਪਣੇ ਪਰਿਵਾਰਾਂ ਨਾਲ ਦੀਵਾਲੀ ਮਨਾ ਸਕਣ। ਇਸ ਮੌਕੇ ਸਰੂਪ ਸਿੰਘ ਖਲਵਾੜਾ, ਗੁਰਦੀਪ ਸਿੰਘ ਖੇੜਾ, ਬਹਾਦਰ ਸਿੰਘ ਸੰਗਤਪੁਰ, ਸ਼ਰਨਜੀਤ ਸਿੰਘ ਅਟਵਾਲ, ਅਵਤਾਰ ਸਿੰਘ ਮੰਗੀ, ਜਸਵਿੰਦਰ ਸਿੰਘ ਬਸਰਾ, ਪਰਮਿੰਦਰ ਸਿੰਘ ਲਾਡੀ ਆਦਿ ਹਾਜਰ ਸਨ।