ਮਾਨਸਾ 20 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)
ਮਹਿਲਾਵਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ (ਰਜਿ) ਪੰਜਾਬ ਵੱਲੋਂ ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਸੁਹਾਗਣਾਂ ਦੇ ਲਈ ਪ੍ਰੀ ਕਰਵਾ ਚੌਥ ਪ੍ਰੋਗਰਾਮ ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਉਲੀਕਿਆ ਗਿਆ । ਜਿਸ ਵਿੱਚ ਟ੍ਰਾਈ ਸਿਟੀ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਕੰਮ ਕਾਜੀ ਮਹਿਲਾਵਾਂ ਨੇ ਭਾਗ ਲਿਆ। ਪ੍ਰੋਗਰਾਮ ਵਿਚ ਵੱਖੋ ਵੱਖਰੇ ਖੇਤਰਾਂ ਤੋਂ ਹਾਜ਼ਰ ਮਹਿਲਾਵਾਂ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਭਾਰੀ ਉਤਸਾਹ ਦੇਖਣ ਨੂੰ ਮਿਲਿਆ । ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਦੇ ਪਰਿਵਾਰ ਵਿੱਚੋਂ ਮੈਡਮ ਖੁਸ਼ਬੂ ਅਤੇ ਮੈਡਮ ਰੂਪਾਂਜਲੀ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ । ਇਸ ਮੌਕੇ ਉਨ੍ਹਾਂ ਨੇ ਸੁਹਾਗਣਾਂ ਨੂੰ ਕਰਵਾ ਚੌਥ ਦੀ ਵਧਾਈ ਦਿੰਦੇ ਹੋਏ ਮਹਿਲਾ ਸਸ਼ਕਤੀਕਰਨ ਦੇ ਉੱਤੇ ਵੀ ਜੋਰ ਦਿੱਤਾ । ਪ੍ਰੋਗਰਾਮ ਵਿੱਚ ਉੱਘੇ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ ਅਤੇ ਨਵਦੀਪ ਕੌਰ ਮਿਸਿਜ ਇੰਡੀਆ ਸੁਪਰਾਂ ਨੈਸ਼ਨਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ।
ਇਸ ਦੌਰਾਨ ਲਾਲ ਸੂਹੇ ਤੇ ਹੋਰ ਰੰਗ ਬਿਰੰਗੇ ਪਹਿਰਾਵਿਆਂ ਵਿੱਚ ਮਹਿਲਾਵਾਂ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀਆਂ ਸਨ। ਇਸ ਮੌਕੇ ਮਹਿਲਾਵਾਂ ਨੇ ਤੰਬੋਲਾ , ਕੈਟ ਵਾਕ , ਡਾਂਸ , ਸਿੰਗਿੰਗ ਅਤੇ ਹੋਰ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣਾ ਮਨੋਰੰਜਨ ਕੀਤਾ । ਪ੍ਰੋਗਰਾਮ ਦੌਰਾਨ ਪ੍ਰਸਿੱਧ ਲੋਕ ਗਾਇਕਾ ਆਰ ਦੀਪ ਰਮਨ ਅਤੇ ਐੱਮ ਸੀ ਰਮਨਦੀਪ ਕੌਰ ਵੱਲੋਂ ਜੱਜ ਦੀ ਭੂਮਿਕਾ ਅਦਾ ਕੀਤੀ ਗਈ । ਜੱਜਾਂ ਦੀ ਤਿੱਖੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਸ ਮੌਕੇ ਹਰਸਿਮਰਤ ਕੌਰ ਕਾਹਲੋ ਨੇ ਮਿਸਿਜ ਕਰਵਾ ਚੌਥ ਦਾ ਟਾਈਟਲ ਜਿੱਤਿਆ । ਜਦੋਂ ਕਿ ਸਰਵਜੀਤ ਕੌਰ ਸੀਰਤ ਨੇ ਸੈਕਿੰਡ ਰਨਰ ਅੱਪ ਅਤੇ ਰੁਚੀ ਕਥੂਰੀਆ ਤੇ ਨਵਜੀਤ ਨਵੀ ਨੇ ਥਰਡ ਰਨਰ ਅੱਪ ਦਾ ਖਿਤਾਬ ਪ੍ਰਾਪਤ ਕੀਤਾ ।
ਪ੍ਰੋਗਰਾਮ ਦੇ ਅਖੀਰ ਵਿੱਚ ਟਰੱਸਟ ਪ੍ਰਧਾਨ ਹਰਦੀਪ ਕੌਰ ਵੱਲੋਂ ਹਾਜ਼ਰ ਮਹਿਲਾਵਾਂ ਨੂੰ ਕਰਵਾ ਚੌਥ ਦੇ ਤਿਉਹਾਰ ਦੀ ਜਿੱਥੇ ਵਧਾਈ ਦਿੱਤੀ ਗਈ ਉਥੇ ਹੀ ਉਨ੍ਹਾਂ ਨੂੰ ਆਪਣੇ ਸਹੁਰੇ ਪਰਿਵਾਰ ਦਾ ਖਿਆਲ ਠੀਕ ਆਪਣੇ ਪੇਕੇ ਪਰਿਵਾਰ ਵਾਂਗ ਹੀ ਰੱਖਣ ਦੇ ਲਈ ਵੀ ਪ੍ਰੇਰਿਤ ਕੀਤਾ ਗਿਆ । ਇਸ ਦੇ ਨਾਲ ਹੀ ਟਰੱਸਟ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ 21 ਮਹਿਲਾਵਾਂ ਨੂੰ ਫੁਲਕਾਰੀ ਅਤੇ ਹੋਰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।