ਫਗਵਾੜਾ 10 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਪ੍ਰਗਟ ਉਤਸਵ ਅਤੇ ਇਸ ਦੌਰਾਨ ਸਜਾਈ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੇ ਸਬੰਧ ਵਿਚ ਲੋੜੀਂਦੇ ਸੁਰੱਖਿਆ ਪ੍ਰਬੰਧ ਯਕੀਨੀ ਬਨਾਉਣ ਲਈ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਵਾਲਮੀਕਿ ਸਮਾਜ ਦੇ ਪਤਵੰਤਿਆਂ ਦੀ ਹਾਜ਼ਰੀ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਜੋਗਿੰਦਰ ਮਾਨ ਨੇ ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਅਤੇ ਹੋਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਕਿ ਸ਼ੋਭਾ ਯਾਤਰਾ 16 ਅਕਤੂਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਭਗਵਾਨ ਵਾਲਮੀਕਿ ਚੌਂਕ, ਬਾਂਸਾਵਾਲਾ ਬਾਜਾਰ ਫਗਵਾੜਾ ਤੋਂ ਸ਼ੁਰੂ ਹੋਵੇਗੀ, ਜਦਕਿ 17 ਅਕਤੂਬਰ ਦਿਨ ਵੀਰਵਾਰ ਨੂੰ ਪ੍ਰਗਟ ਉਤਸਵ ਸਮੂਹ ਵਾਲਮੀਕਿ ਮੰਦਰਾਂ ‘ਚ ਧੂਮਧਾਮ ਨਾਲ ਮਨਾਇਆ ਜਾਵੇਗਾ। ਐੱਸ.ਪੀ. ਰੁਪਿੰਦਰ ਕੌਰ ਭੱਟੀ ਤੋਂ ਇਲਾਵਾ ਐਸ.ਐਚ.ਓ. ਸਿਟੀ ਜਤਿੰਦਰ ਕੁਮਾਰ ਸਮੇਤ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਅਤੇ ਸ਼ੋਭਾ ਯਾਤਰਾ ਦੌਰਾਨ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਕਿਸੇ ਵੀ ਸ਼ਰਾਰਤੀ ਹਰਕਤ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਅਨਸਰ ਮਾਹੌਲ ਵਿਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਪੁਲਿਸ ਉਸ ਵਿਰੁੱਧ ਪੂਰੀ ਸਖ਼ਤੀ ਨਾਲ ਪੇਸ਼ ਆਵੇਗੀ। ਇਸ ਮੌਕੇ ਧਰਮਵੀਰ ਸੇਠੀ, ਕ੍ਰਿਸ਼ਨ ਕੁਮਾਰ ਹੀਰੋ, ਸਤੀਸ਼ ਸਲਹੋਤਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।