ਮਾਨਸਾ 10 ਅਕਤੂਬਰ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਸਿਹਤ ਵਿਭਾਗ ਮਾਨਸਾ ਦੀ ਤਰਫੋਂ ਸਿਵਲ ਹਸਪਤਾਲ ਮਾਨਸਾ ਵਿਖੇ ਸਿਵਲ ਸਰਜਨ ਮਾਨਸਾ ਡਾ.ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ.ਅੰਜੂ ਕਾਂਸਲ ਸੀਨੀਅਰ ਮੈਡੀਕਲ ਅਫਸਰ ਮਾਨਸਾ ਦੀ ਅਗਵਾਈ ਹੇਠ “ਵਿਸ਼ਵ ਦ੍ਰਿਸ਼ਟੀ ਦਿਵਸ” ਮਨਾਇਆ ਗਿਆ।
ਇਸ ਮੌਕੇ ਡਾ.ਤਮੰਨਾ ਸੰਘੀ ਅੱਖਾਂ ਦੇ ਮਾਹਰ ਡਾਕਟਰ ਨੇ ਦੱਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ “ਲਵ ਯੂ ਆਰ ਆਈ,ਕਿੱਡਜ* ਥੀਮ ਅਧੀਨ ਮਨਾਇਆ ਜਾ ਰਿਹਾ ਹੈ, ਇਹ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਅਤੇ ਬੀਮਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਅੱਖਾਂ ਦੀ ਰੌਸ਼ਨੀ ਨੂੰ ਦਰੁਸਤ ਰੱਖਣ ਲਈ ਕੁੱਝ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਅੱਖਾਂ ਦੀ ਚੰਗੀ ਸਿਹਤ ਲਈ ਭੋਜਨ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਕਰਨ ਦੇ ਨਾਲ ਨਾਲ ਅੱਖਾਂ ਦੀ ਕਸਰਤ ਵੀ ਜ਼ਰੂਰ ਕਰੋ। ,ਉਨਾਂ ਇਹ ਵੀ ਦਸਿਆ ਕਿ ਅੱਜ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਉਨਾਂ ਨੂੰ ਅੱਖਾਂ ਦੀ ਸੰਭਾਲ ਪ੍ਰਤੀ ਜਾਗਰੂਕ ਵੀ ਕੀਤਾ ਗਿਆ, ਨਾਲ ਹੀ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਨੇੜੇ ਦੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੇ ਬੱਚਿਆਂ ਦੀ ਸਾਲ ਵਿੱਚ ਦੋ ਵਾਰ ਅੱਖਾਂ ਜਰੂਰ ਚੈੱਕ ਕਰਵਾਉਣ। ਤੇਜ ਰੋਸ਼ਨੀ ਤੋਂ ਬਚਣ ਲਈ ਆਪਣੇ ਕੰਪਿਊਟਰ ਸਕਰੀਨ ਰੋਸ਼ਨੀ ਠੀਕ ਰੱਖੋ ਅਤੇ ਬੇਆਰਾਮੀ ਤੋਂ ਬਚਣ ਲਈ ਐਂਟੀਗਲੇਅਰ ਸਕਰੀਨ ਜਾਂ ਸਕਰੀਨ ਪ੍ਰੋਟੈਕਟਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।
ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਨੌਜਵਾਨਾਂ ਅਤੇ ਬੱਚੇ ਜੇਕਰ ਮੋਬਾਇਲ ਫੋਨ ਟੈਬ, ਲੈਪਟਾਪ ਸਕਰੀਨਾਂ ਤੋਂ ਲੈ ਕੇ ਟੈਲੀਵਿਜ਼ਨਾਂ ਨੂੰ ਦੇਖਦੇ ਹੋਏ ਆਪਣਾ ਦਿਨ ਬਿਤਾਉਂਦੇ ਹਨ ਜਾਂ ਡਿਜੀਟਲ ਮੀਡੀਆ ਦੀ ਜ਼ਿਆਦਾ ਵਰਤੋਂ ਕਾਰਨ ਅੱਖਾਂ ਤੇ ਦਬਾਅ ਇੱਕ ਵੱਡੀ ਸਮੱਸਿਆ ਬਣ ਸਕਦਾ ਹੈ। ਆਪਣੀਆਂ ਅੱਖਾਂ ਨੂੰ ਸੁਰੱਖਿਤ ਰੱਖਣ ਲਈ ਹਰ 20 ਮਿੰਟ ਵਿੱਚ 20 ਸਕਿੰਡ ਦਾ ਬਰੇਕ ਅੱਖਾਂ ਤੇ ਦਬਾਅ ਅਤੇ ਦਰਦ ਤੋਂ ਬਚਾ ਲਈ ਜਰੂਰੀ ਹੈ। ਜੇਕਰ ਅੱਖਾਂ ਦੇ ਮਾਹਰ ਡਾਕਟਰ ਵੱਲੋਂ ਤੁਹਾਨੂੰ ਆਪਣੀਆਂ ਅੱਖਾਂ ਨੂੰ ਠੀਕ ਰੱਖਣ ਲਈ ਨਜ਼ਰ ਵਾਲੀਆਂ ਐਨਕਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਯਕੀਨੀ ਬਣਾਓ ਕਿ ਤੁਸੀਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪਹਿਨੋ। ਪੜ੍ਹਨ ਵੇਲੇ ਘੱਟ ਰੌਸ਼ਨੀ ਵਿੱਚ ਨਹੀਂ ਪੜ੍ਹਨਾ ਚਾਹੀਦਾ ਅਤੇ ਮੋਬਾਈਲ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਟੈਲੀਵਿਜਨ ਵੇਖਣ ਸਮੇਂ ਅਤੇ ਕੰਪਿਊਟਰ ਦੀ ਵਰਤੋਂ ਕਰਨ ਵੇਲੇ ਉੱਚਤ ਦੂਰੀ ਤੇ ਰੌਸ਼ਨੀ ਦਾ ਧਿਆਨ ਰੱਖਿਆ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਅੱਖਾਂ ਵਿੱਚ ਕੁੱਝ ਪੈ ਜਾਵੇ ਜਾਂ ਅੱਖਾਂ ਮੱਚਣ ਤਾਂ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਦਵਾਈ ਅੱਖਾਂ ਵਿੱਚ ਨਹੀਂ ਪਾਉਣੀ ਚਾਹੀਦੀ । ਨਜਦੀਕ ਜਾਂ ਦੂਰ ਦੀ ਵਸਤੂ ਸਹੀ ਨਾ ਦਿੱਸਣ ਤੇ ਡਾਕਟਰ ਕੋਲੋਂ ਸਮੇਂ ਸਮੇਂ ਤੇ ਅੱਖਾਂ ਦੀ ਜਾਂਚ ਜਰੂਰ ਕਰਵਾਓ । ਕਾਲਾ ਮੋਤੀਆ ਜਾਂ ਮੋਤੀਆਬਿੰਦ ਅੱਖਾਂ ਦੀ ਰੌਸ਼ਨੀ ਖੱਤਮ ਕਰ ਦਿੰਦਾ ਹੈ, ਇਸ ਲਈ ਅੱਖਾਂ ਦੀ ਤੁਰੰਤ ਨੇੜਲੇ ਹਸਪਤਾਲ ਵਿਚ ਜਾ ਕੇ ਜਾਂਚ ਕਰਵਾਉਣ ਵਿੱਚ ਅਣਗਿਹਲੀ ਨਹੀਂ ਵਰਤਣੀ ਚਾਹੀਦੀ । ਇਸ ਮੌਕੇ ਦਰਸ਼ਨ ਸਿੰਘ ਉਪਸ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਇੰਦਰਾਜ ਕੁਮਾਰ ਅਪਥਾਲਮਿਕ ਅਫਸਰ ਅਤੇ ਅਵਿਸ਼ੇਕ ਗਰਗ ਅਪਥਾਲਮਿਕ ਅਫਸਰ,ਲੱਕੀ ਤੋਂ ਇਲਾਵਾ ਸਿਹਤ ਵਿਭਾਗ ਦੀ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।