*ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਪਿੰਡ ਪੱਧਰੀ ਜਾਗਰੂਕਤਾ ਕੈਂਪ ਆਯੋਜਿਤ*

0
8

ਮਾਨਸਾ, 25 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਝੋਨੇ  ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਪਿੰਡ ਅਲੀਸ਼ੇਰ ਕਲਾਂ ਵਿਖੇ ਪਿੰਡ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਮੌਕੇ ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਉਪਲੱਬਧ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਗਈ।
ਉਨ੍ਹਾਂ ਕਿਸਾਨਾਂ ਨਾਲ ਸਰਫੇਸ ਸੀਡਰ ਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਵਿਧੀ ਨਾਲ ਸਿਰਫ 700-800 ਰੁਪਏ ਦੇ ਖਰਚ ਨਾਲ ਕਣਕ ਦੀ ਬੀਜਾਈ ਕੀਤੀ ਜਾ ਸਕਦੀ ਹੈ। ਇਸ ਵਿਧੀ ਰਾਹੀਂ ਬੀਜਾਈ ਦੌਰਾਨ ਪਰਾਲੀ ਦੀ ਪਰਤ ਖੇਤ ਵਿਚ ਰਹਿਣ ਕਾਰਣ ਨਦੀਨ ਘੱਟ ਉੱਗਦੇ ਹਨ ਅਤੇ ਕਣਕ ਦੀ ਫ਼ਸਲ ਉੱਪਰ ਖਰਾਬ ਮੌਸਮ ਦਾ ਪ੍ਰਭਾਵ ਵੀ ਨਹੀਂ ਪੈਂਦਾ। ਉਨ੍ਹਾਂ ਨੌਜਵਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਵੀ ਪ੍ਰੇਰਿਆ।
ਇਸ ਦੌਰਾਨ ਇੰਜ. ਅਲੋਕ ਗੁਪਤਾ ਨੇ ਪਰਾਲੀ ਪ੍ਰਬੰਧਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੀ ਏ ਯੂ ਸਮਾਰਟ ਸੀਡਰ, ਸਰਫੇਸ ਸੀਡਰ, ਹੈਪੀ ਸੀਡਰ ਅਤੇ ਹੋਰ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਦੇ ਲਾਭ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸਰਫੇਸ ਸੀਡਰ, ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਲਈ ਬੀਜ ਦੀ ਮਾਤਰਾ 45 ਕਿੱਲੋ ਅਤੇ ਡੀ ਏ ਪੀ 65 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਉਨ੍ਹਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਬਹੁਤ ਹੀ ਘੱਟ ਕਿਰਾਏ ਉੱਪਰ ਪਰਾਲੀ ਪ੍ਰਬੰਧ ਲਈ ਮਸ਼ੀਨਰੀ ਮਹੁੱਈਆ ਕਰਵਾਈ ਜਾਂਦੀ ਹੈ।
ਡਾ. ਅਜੇ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੀ ਖੁਰਾਕ ਅਤੇ ਡੇਅਰੀ ਵਿੱਚ ਬੈਡਿੰਗ ਸਮੱਗਰੀ ਵਜੋਂ ਵਰਤਣ ਬਾਰੇ ਜਾਣਕਾਰੀ ਦਿੱਤੀ। ਇਸ ਪਿੰਡ ਪੱਧਰੀ ਕੈਂਪ ਵਿੱਚ 70 ਤੋਂ ਵੱਧ ਕਿਸਾਨ ਵੀਰਾਂ ਨੇ ਭਾਗ ਲਿਆ ਅਤੇ ਮਾਹਿਰਾਂ ਵਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਕਿਸਾਨਾਂ ਦੀ ਸਹੂਲਤ ਲਈ ਖੇਤੀ ਸਾਹਿਤ ਵੀ ਉਪਲੱਬਧ ਕਰਵਾਇਆ ਗਿਆ।

LEAVE A REPLY

Please enter your comment!
Please enter your name here