ਫਗਵਾੜਾ 20 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸਥਾਨਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਇਨਵਾਇਰਨਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਰਦਾਨਾ ਦੀ ਰਹਿਨੁਮਾਈ ਹੇਠ ਵਿਸ਼ਵ ਓਜ਼ੋਨ ਪਰਤ ਬਚਾਓ ਦਿਵਸ ਮਨਾਇਆ ਗਿਆ। ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਦੇ ਯਤਨਾਂ ਸਦਕਾ ਆਯੋਜਿਤ ਸਮਾਗਮ ਵਿਚ ਕਮਲਾ ਨਹਿਰੂ ਪਬਲਿਕ ਸਕੂਲ ਅਤੇ ਉਡਿਅਨ ਸੈਲਨੀ ਗਰੁੱਪ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਸਹਿਤ ਭਾਗ ਲਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਬਤੌਰ ਮੁੱਖ ਮਹਿਮਾਨ ਹਾਜਰ ਆਏ। ਉਹਨਾਂ ਨੇ ਦੀਪ ਜਗਾ ਕੇ ਸਮਾਗਮ ਦਾ ਸ਼ੁੱਭ ਆਰੰਭ ਕਰਵਾਇਆ। ਮੁੱਖ ਬੁਲਾਰੇ ਵਜੋਂ ਪਹੁੰਚੇ ਨੈਸ਼ਨਲ ਅਵਾਰਡੀ ਮਾਸਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਡੀ ਸਪੇਸ ਵਿੱਚ ਓਜ਼ੋਨ ਪਰਤ ਕੀ ਹੈ ਅਤੇ ਇਸ ਵਿੱਚ ਛੇਕ ਸਾਡੇ ਵਾਤਾਵਰਣ ਉੱਤੇ ਕੀ ਮਾੜਾ ਪ੍ਰਭਾਵ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਗੈਸਾਂ ਦੇ ਉਤਪਾਦਨ ਨੂੰ ਰੋਕਣਾ ਹੋਵੇਗਾ ਜੋ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਕਿਉਂਕਿ ਸੂਰਜ ਤੋਂ ਨਿਕਲਣ ਵਾਲੀਆਂ ਅਲਟਰਾਵਾਇਲਟ ਕਿਰਨਾਂ ਜੇਕਰ ਸਿੱਧੀਆਂ ਧਰਤੀ ਤੇ ਪੈ ਜਾਣ ਤਾਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਤਬਾਹ ਕਰ ਸਕਦੀਆਂ ਹਨ, ਮਨੁੱਖੀ ਸ਼ਰੀਰ ਚਮੜੀ ਰੋਗ, ਅੰਨ੍ਹਪਣ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਸਕਦਾ ਹੈ। ਕਮਲਾ ਨਹਿਰੂ ਸਕੂਲ ਦੇ ਵਿਦਿਆਰਥੀਆਂ ਨੇ ਪਿ੍ਰੰਸੀਪਲ ਪੀ.ਕੇ. ਢਿੱਲੋਂ ਅਤੇ ਮੈਡਮ ਪੂਨਮ ਦੀ ਰਹਿਨੁਮਾਈ ਹੇਠ ਓਜੋਨ ਪਰਤ ਬਚਾਓ ਵਿਸ਼ੇ ਤੇ ਜਾਗਰੁਕ ਕਰਦਾ ਖੂਬਸੂਰਤ ਨਾਟਕ ਪੇਸ਼ ਕੀਤਾ। ਵਿਦਿਆਰਥੀਆਂ ਦੇ ਜਿਗਿਆਸੂ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਉਡਿਅਨ ਸ਼ੈਲਨੀ ਗਰੁੱਪ ਦੀ ਕੋਆਰਡੀਨੇਟਰ ਮੋਨਿਕਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਵਿਸ਼ਵਾਮਿੱਤਰ ਸ਼ਰਮਾ, ਰਮਨ ਨਹਿਰਾ, ਰੂਪ ਲਾਲ, ਆਦਿ ਵੀ ਹਾਜ਼ਰ ਸਨ।