ਫਗਵਾੜਾ 7 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਪ੍ਰੇਮ ਨਗਰ ਸੇਵਾ ਸੁਸਾਇਟੀ ਖੇੜਾ ਰੋਡ ਫਗਵਾੜਾ ਵਲੋਂ ਸਵ. ਅਜੀਤ ਸਿੰਘ ਢਿੱਲੋਂ ਦੀ ਯਾਦ ਵਿੱਚ 154ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਵਿਖੇ ਕਰਵਾਇਆ ਗਿਆ। ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਆਯੋਜਿਤ ਸਮਾਗਮ ਦੌਰਾਨ ਸਮਾਜ ਸੇਵਿਕਾ ਹਰੂਨਾ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜਰ ਆਏ। ਉਨ੍ਹਾਂ 20 ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਇਕ ਮਹੀਨੇ ਦਾ ਰਾਸ਼ਨ ਵੰਡਣ ਦੀ ਆਰੰਭਤਾ ਕਰਵਾਈ ਅਤੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਪੁਰਖਾਂ ਅਤੇ ਗੁਰੂਆਂ ਨੇ ਵੱਖ-ਵੱਖ ਪਰੰਪਰਾਵਾਂ ਰਾਹੀਂ ਸਾਨੂੰ ਅੰਨ ਦਾਨ ਦਾ ਸੁਨੇਹਾ ਦਿੱਤਾ ਹੈ ਜੋ ਕਿ ਸਰਵਉੱਤਮ ਦਾਨ ਹੈ। ਪੁਰਾਤਨ ਕਾਲ ਤੋਂ ਹੀ ਸ਼ਰਾਧ, ਭੰਡਾਰੇ ਅਤੇ ਲੰਗਰਾਂ ਰਾਹੀਂ ਅੰਨਦਾਨ ਕੀਤਾ ਜਾਂਦਾ ਆ ਰਿਹਾ ਹੈ। ਇਸ ਲਈ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਦਾ ਸੁਸਾਇਟੀ ਵਲੋਂ ਕੀਤਾ ਜਾ ਰਿਹਾ ਇਹ ਵਧੀਆ ਉਪਰਾਲਾ ਹੈ। ਸਮਾਜ ਦੇ ਸੰਪਨ ਵਰਗ ਦਾ ਫਰਜ਼ ਹੈ ਕਿ ਇਨਸਾਨ ਤਾਂ ਕੀ ਕੋਈ ਜੀਵ-ਜੰਤੂ ਵੀ ਧਰਤੀ ਤੇ ਭੋਜਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਸੁਸਾਇਟੀ ਨੂੰ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਜਨਰਲ ਸਕੱਤਰ ਸੁਰਿੰਦਰ ਪਾਲ ਨੇ ਮੁੱਖ ਮਹਿਮਾਨ ਸਮੇਤ ਪਤਵੰਤਿਆਂ ਦਾ ਸਵਾਗਤ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਹ ਸੇਵਾ ਪਿਛਲੇ 12 ਸਾਲਾਂ ਤੋਂ ਲਗਾਤਾਰ ਜਾਰੀ ਹੈ। ਜਿਸ ਵਿੱਚ ਸਵ. ਅਜੀਤ ਸਿੰਘ ਢਿੱਲੋਂ ਦੇ ਪਰਿਵਾਰ ਦਾ ਵੱਡਮੁੱਲਾ ਯੋਗਦਾਨ ਰਹਿੰਦਾ ਹੈ। ਉਹ ਆਪਣੇ ਜੀਵਨ ਕਾਲ ਦੌਰਾਨ ਸਮਾਜ ਸੇਵਾ ਨੂੰ ਸਮਰਪਿਤ ਰਹੇ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸੇਵਾ ਉਨ੍ਹਾਂ ਨੂੰ ਸਮਰਪਿਤ ਕਰਕੇ ਕੀਤੀ ਜਾਂਦੀ ਹੈ।