ਮਾਨਸਾ 06 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਸਰਕਾਰ ਵੱਲੋਂ ਹਰ ਸਾਲ ਪੰਜਾਬ ਦੇ ਵੱਖ-ਵੱਖ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਅਧਿਆਪਕ ਰਾਜ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ। ਇਹ ਪੁਰਸਕਾਰ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਲਈ ਦਿੱਤੇ ਜਾਂਦੇ ਹਨ। ਇਸ ਵਾਰ ਇਹ ਪੁਰਸਕਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ (ਮਾਨਸਾ) ਦੇ ਪੰਜਾਬੀ ਅਧਿਆਪਕ ਕੁਲਵਿੰਦਰ ਸਿੰਘ ਨੂੰ ਮਿਲਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਹੁਸ਼ਿਆਰਪੁਰ ਵਿਖੇ ਹੋਏ ਰਾਜ ਪੱਧਰੀ ਸਨਮਾਨ ਸਮਾਗਮ ਦੌਰਾਨ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਵੱਲੋਂ ਦਿੱਤਾ ਗਿਆ। ਕੁਲਵਿੰਦਰ ਸਿੰਘ ਨੂੰ ਇਹ ਸਨਮਾਨ ਮਿਲਣ ਨਾਲ ਨੰਗਲ ਕਲਾਂ ਦੇ ਸਮੂਹ ਸਟਾਫ , ਵਿਦਿਆਰਥੀਆਂ ਤੇ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਖੁਸੀ ਦੀ ਲਹਿਰ ਹੈ। ਇਸ ਮੌਕੇ ਅਧਿਆਪਕ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਮੇਰਾ ਨਹੀ ਬਲਕਿ ਮੇਰੇ ਸਾਥੀ ਅਧਿਆਪਕਾਂ, ਮੇਰੇ ਵਿਦਿਆਰਥੀਆਂ ਅਤੇ ਮੇਰੀ ਕਰਮ ਭੂਮੀ ਦਾ ਸਨਮਾਨ ਹੈ । ਉਨ੍ਹਾਂ ਕਿਹਾ ਕਿ ਇਸ ਸਨਮਾਨ ਦੇ ਮਿਲਣ ਨਾਲ ਮੇਰੀ ਆਪਣੇ ਕਿੱਤੇ ਪ੍ਰਤੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ।
ਸ. ਬਲਦੇਵ ਸਿੰਘ ਮਾਤਾ ਸ੍ਰੀਮਤੀ ਰਣਜੀਤ ਕੌਰ ਵਾਸੀ ਵਾਰਡ ਨੰ.6 ਮਾਨਸਾ ਦੇ ਫਰਜ਼ੰਦ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਨੇ ਸਿੱਖਿਆ ਵਿਭਾਗ ਵਿੱਚ ਮਿਤੀ 30-07-2007 ਤੋਂ ਬਤੌਰ ਆਰਟ ਐਂਡ ਕਰਾਫਟ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ । 13 ਸਾਲ 5 ਮਹੀਨੇ ਸਰਕਾਰੀ ਮਿਡਲ ਸਕੂਲ ਸਹਾਰਨਾ ਵਿਖੇ ਕੰਮ ਕੀਤਾ । ਇਸ ਸਮੇਂ ਦੌਰਾਨ ਵਿਦੀਆਰਥੀਆਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਇਹਨਾਂ ਦੂਆਰਾ ਵਿਸ਼ੇਸ਼ ਉਪਰਾਲੇ ਕੀਤੇ। ਇਹਨਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪੰਜਾਬ ਪੱਧਰੀ ਵੱਖ-ਵੱਖ ਵਿਦਿਅਕ ਤੇ ਸਹਿ-ਵਿੱਦਿਅਕ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ । ਸਮੂਹ ਸਟਾਫ਼ , ਸਕੂਲ ਮੈਨੇਜਮੈਂਟ ਕਮੇਟੀ , ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨਾਲ ਮਿਲ ਕੇ ਸਰਕਾਰੀ ਮਿਡਲ ਸਕੂਲ ਸਹਾਰਨਾ ਨੂੰ ਇੱਕ ਨਮੂਨੇ ਦਾ ਸਮਾਰਟ ਸਕੂਲ ਬਣਾਇਆ ਗਿਆ। ਮਿਤੀ 28-12-2020 ਤੋਂ ਬਤੌਰ ਪੰਜਾਬੀ ਮਾਸਟਰ ਪਦਉੱਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਵਿਖੇ ਜੁਆਇੰਨ ਕੀਤਾ । ਨੰਗਲ ਕਲਾਂ ਵਿਖੇ ਵੀ ਇਹਨਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਦੀਆਂ ਵਿੱਦਿਅਕ ਤੇ ਸਹਿ-ਵਿੱਦਿਅਕ ਖੇਤਰ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਕੂਲ ਵਿੱਚ ਲੈਕਚਰਾਰ ਪੰਜਾਬੀ ਦੀ ਪੋਸਟ ਖਾਲੀ ਹੋਣ ਕਾਰਨ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਨੂੰ ਪੰਜਾਬੀ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ। ਸੈਸ਼ਨ 2022-23 ਵਿੱਚ ਬਾਰ੍ਹਵੀਂ ਜਮਾਤ ਦੇ ਇੰਚਾਰਜ ਵਜੋਂ ਕੰਮ ਕਰਦੇ ਹੋਏ ਇਹਨਾਂ ਦੁਆਰਾ ਪੜ੍ਹਾਏ ਗਏ ਸਾਰੇ ਵਿਦਿਆਰਥੀਆਂ ਨੇ ਪੰਜਾਬੀ ਵਿਸੇ ਵਿੱਚੋਂ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ , ਇਸੇ ਜਮਾਤ ਦੀ ਇੱਕ ਵਿਦਿਆਰਥਣ ਹੁਸਨਜੋਤ ਕੌਰ ਨੇ ਪੰਜਾਬ ਮੈਰਿਟ ਵਿੱਚ 10ਵਾਂ ਰੈਂਕ ਪ੍ਰਾਪਤ ਕੀਤਾ। ਅਧਿਆਪਨ ਕਾਰਜ ਦੇ ਨਾਲ-ਨਾਲ ਸਕੂਲ ਵਿੱਚ ਬਾਲਾ ਵਰਕ ਦਾ ਕੰਮ ਇਹਨਾਂ ਦੁਆਰਾ ਕੀਤਾ ਜਾਂਦਾ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਹੋਰ ਸੰਸਥਾਵਾਂ ਤੇ ਵਿਭਾਗਾਂ ਦੁਆਰਾ ਕਰਵਾਏ ਜਾਂਦੇ ਜਿਲ੍ਹਾ ਤੇ ਰਾਜ ਪੱਧਰੀ ਵੱਖ-ਵੱਖ ਵਿਦਿਅਕ ਤੇ ਸਹਿ-ਵਿਦਿਅਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਅਤੇ ਬਤੌਰ ਜੱਜਮੈਂਟ ਦੀ ਭੂਮਿਕਾ ਇਹਨਾਂ ਵੱਲੋਂ ਨਿਭਾਈ ਜਾਂਦੀ ਹੈ ।
ਰਾਜ ਅਧਿਆਪਕ ਪੁਰਸਕਾਰ ਮਿਲਣ ਤੇ ਸ੍ਰੀਮਤੀ ਭੁਪਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਮਾਨਸਾ , ਸ੍ਰੀ ਪਰਮਜੀਤ ਸਿੰਘ ਭੋਗਲ ਉਪ-ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) , ਸ੍ਰੀ ਮਦਨ ਲਾਲ ਕਟਾਰੀਆ ਉਪ-ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ,ਸ. ਬੂਟਾ ਸਿੰਘ ਸੇਖੋਂ ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ , ਸ੍ਰੀ ਸੁਨੀਲ ਕੁਮਾਰ ਕੱਕੜ ਸਕੂਲ ਪ੍ਰਿਸੀਪਲ ਜੀ ਵੱਲੋਂ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਨੂੰ ਵਧਾਈ ਦਿੱਤੀ ਗਈ ।
ਅੱਜ ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਸੁਨੀਲ ਕੁਮਾਰ ਕੱਕੜ , ਸਮੂਹ ਸਟਾਫ , ਸੱਤਪਾਲ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ , ਗੁਰਦੀਪ ਸਿੰਘ ਵਾਈਸ ਚੇਅਰਮੈਨ , ਪਰਮਜੀਤ ਸਿੰਘ ਸਾਬਕਾ ਸਰਪੰਚ , ਪਿੰਡ ਵਾਸੀਆਂ ਤੇ ਵਿਦਿਆਰਥੀਆਂ ਵੱਲੋਂ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਦਾ ਸਾਨਦਾਰ ਸਵਾਗਤ ਕੀਤਾ ਗਿਆ। ਅਧਿਆਪਕ ਕੁਲਵਿੰਦਰ ਸਿੰਘ ਵੱਲੋਂ ਰਾਜ ਅਧਿਆਪਕ ਮਿਲਣ ਦੀ ਖੁਸ਼ੀ ਵਿੱਚ ਸਰਕਾਰ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਨੂੰ 5100 ਰੁਪਏ ਦੀ ਰਾਸ਼ੀ ਸਕੂਲ ਭਲਾਈ ਫੰਡ ਲਈ ਦਿੱਤੀ ਗਈ।