ਮਾਨਸਾ 03 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਰਾਜ ਰਾਣੀ ਫਾਊਂਡੇਸ਼ਨ ਮਾਨਸਾ ਵੱਲੋਂ ਸੈਂਟਰਲ ਪਾਰਕ ਵਿਖੇ ਦੇ ਤਕਰੀਬਨ 30 ਬੂਟੇ ਬੋਗੇਨਵਿਲੀਆ ਦੇ ਪਾਰਕ ਦੀ ਚਾਰਦੀਵਾਰੀ ਤੇ ਲਗਾਏ ਗਏ। ਇਹ ਬੂਟੇ ਡਾਕਟਰ ਰਣਜੀਤ ਸਿੰਘ ਰਾਏ (ਸਿਵਿਲ ਸਰਜਨ ) ਵੱਲੋਂ ਫਾਊਂਡੇਸ਼ਨ ਨੂੰ ਦਿੱਤੇ ਗਏ ।ਫਾਊਂਡੇਰਸ਼ਨ ਦੇ ਪ੍ਰਧਾਨ ਸ਼ੀਤਲ ਕੁਮਾਰ ਅਤੇ ਸਕੱਤਰ ਵਿਨੋਦ ਜਿੰਦਲ ਦੁਆਰਾ ਰੁੱਖ ਲਗਾਓ , ਜੀਵਨ ਬਚਾਓ ਅਤੇ ਧਰਤੀ ਨੂੰ ਸਵਰਗ ਬਣਾਉਣ ਦਾ ਸੁਨੇਹਾ ਦਿੰਦੇ ਹੋਏ ਅੱਜ ਦੇ ਸਮੇਂ ਵਿੱਚ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਬਹੁਤ ਜਰੂਰਤ ਹੈ ਤਾਂ ਕਿ ਭਵਿੱਖ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ। ਰੁੱਖ ਵਾਤਾਵਰਨ ਦੇ ਲਈ ਹੀ ਨਹੀਂ ਸਾਡੇ ਜੀਵਨ ਦੇ ਲਈ ਵੀ ਉਨੇ ਹੀ ਜ਼ਰੂਰੀ ਹਨ ਜਿੰਨਾ ਕਿ ਜੀਵਨ ਜਿਊਣ ਦੇ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ। ਬਿਨਾਂ ਰੁੱਖਾਂ ਦੇ ਅਸੀਂ ਆਪਣੇ ਜੀਵਨ ਜਿਉਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਰੁੱਖ ਵੱਢੇ ਹੋ ਕੇ ਪੰਛੀਆਂ ਦਾ ਘਰ ਬਣਦੇ ਹਨ |ਇਸ ਲਈ ਰੁੱਖ ਪੰਛੀਆਂ ਦੀ ਹੋਂਦ ਬਚਾਉਣ ਵਿੱਚ ਵੀ ਬਹੁਤ ਯੋਗਦਾਨ ਪਾਉਂਦੇ ਹਨ | ਨਵੇਂ ਪੌਦੇ ਲਗਾਉਣਾ ਅਤੇ ਪੁਰਾਣੇ ਲੱਗੇ ਰੁੱਖਾਂ ਦੀ ਸਾਂਭ-ਸੰਭਾਲ ਕਰਨ ਨਾਲ ਲੋਕਾਂ ਨੂੰ ਸਾਫ਼ ਹਵਾ, ਸਾਫ਼ ਪਾਣੀ , ਬੈਠਣ ਲਈ ਛਾਂ, ਗਰਮੀ ਤੋਂ ਰਾਹਤ, ਸਥਿਰ ਜਲਵਾਯੂ, ਜੈਵ ਵਿਭਿੰਨਤਾ, ਸਿਹਤ ਵਧਾਉਣਾ, ਸਥਾਨਕ ਭਾਈਚਾਰਾ ਅਤੇ ਉਸਾਰੂ ਸਮਾਜਿਕ ਪ੍ਰਭਾਵ ਪਾਉਣਾ, ਮਕਾਨ ਉਸਾਰੀ ਲਈ ਸਮੱਗਰੀ, ਖਾਣਾ ਪਕਾਉਣ ਲਈ ਬਾਲਣ ਆਦਿ ਉਪਲਬਧ ਕਰਵਾਉਣਾ ਹੈ। ਉਨ੍ਹਾਂ ਇਸ ਗੱਲ ਤੋਂ ਜਿਆਦਾ ਜੋਰ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਪ੍ਰਦੂਸ਼ਿਤ ਹਵਾ ਦੇ ਬਜਾਏ ਸ਼ੁੱਧ ਹਵਾ ਦੇ ਕੇ ਜਾਈਏ ਤਾਂ ਕਿ ਆਉਣ ਵਾਲੀਆਂ ਪੀੜੀਆਂ ਤੰਦਰੁਸਤ ਰਹਿ ਸਕਣ। ਉਨ੍ਹਾ ਕਿਹਾ ਕਿ ਆਕਸੀਜਨ ਦੀ ਮਾਤਰਾ ਸਿਰਫ ਦਰੱਖਤ ਹੀ ਪੂਰੀ ਕਰ ਸਕਦੇ ਹਨ। ਉਨ੍ਹਾਂ ਨੇ ਰਾਜ ਰਾਣੀ ਫਾਊਡੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਸਥਾਂ ਵੱਲੋਂ ਹਰ ਸਾਲ ਪੌਦੇ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਸਮੇਂ ਸਮੇਂ ਤੇ ਦੇਖਭਾਲ ਵੀ ਕੀਤੀ ਜਾਂਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਜਾਏਗਾ । ਉਨ੍ਹਾਂ ਅਖੀਰ ਵਿੱਚ ਬੇਨਤੀ ਕੀਤੀ ਕਿ ਅਸੀਂ ਸਾਰੇ ਹਰ ਖੁਸ਼ੀ ਤੇ ਇੱਕ ਬੂਟਾ ਜਰੂਰ ਲਗਾਈਏ, ਖਾਸਕਰ ਆਪਣੇ ਜਨਮ ਦਿਨ ਤੇ | ਇਸ ਮੌਕੇ ਰੋਹਿਤ ਬਾਂਸਲ, ਮੁਕੇਸ਼ ਕੁਮਾਰ ਤੋਂ ਬਿਨਾਂ ਜੀਵਨ ਕੁਮਾਰ ਅਤੇ ਹੈਤਵਿਕ ਜਿੰਦਲ ਵੀ ਹਾਜ਼ਰ ਸਨ।