*ਡਿਪਟੀ ਕਮਿਸ਼ਨਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ*

0
88

ਮਾਨਸਾ, 02 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਤਹਿਤ ਬਲਾਕ ਪੱਧਰੀ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਵਿਸ਼ਵ ਪੱਧਰ ਤੱਕ ਆਪਣੀ ਪਹਿਚਾਣ ਬਣਾਉਣ ਲਈ ਨਿਰੰਤਰ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦਾ ਹਰ ਖਿਡਾਰੀ ਨੂੰ ਲਾਹਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਵਰਗੀਆਂ ਅਲ੍ਹਾਹਮਤਾਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਉਣ, ਕਿਉਂਕਿ ਖੇਡਾਂ ਜਿੱਥੇ ਨੌਜਵਾਨਾਂ ਦਾ ਮਾਨਸਿਕ ਤੇ ਸਰੀਰਿਕ ਵਿਕਾਸ ਕਰਦੀਆਂ ਹਨ ਉਥੇ ਹੀ ਉਨ੍ਹਾਂ ਨੂੰ ਇਕ ਚੰਗਾ ਇਨਸਾਨ ਵੀ ਬਣਾਉਂਦੀਆਂ ਹਨ ਜਿਸ ਤਹਿਤ ਉਹ ਦੁਨੀਆਦਾਰੀ ਵਿਚ ਵਿਚਰ ਕੇ ਉਹ ਆਪਣੀ ਵਿਲੱਖਣ ਪਹਿਚਾਣ ਬਣਾ ਸਕਦੇ ਹਨ ਅਤੇ ਆਪਣੇ ਪਿੰਡ, ਸ਼ਹਿਰ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਦੇ ਉਪਰਾਲੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਇੰਨ੍ਹਾਂ ਖੇਡਾਂ ਵਿਚ ਭਾਗ ਲੈਣਾ ਸਰ੍ਹਾਹੁਣਯੋਗ ਹੈ। ਅੱਜ ਦੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਮਾਨਸਾ ਅਤੇ ਭੀਖੀ ਬਲਾਕ ਵਿੱਚ ਅੰਡਰ-14 ਉਮਰ ਵਰਗ ਮੁੰਡੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਕਬੱਡੀ ਨੈਸ਼ਨਲ ਮੁੰਡੇ ਵਿੱਚ ਮਾਨਸਾ ਪਹਿਲੇ ਅਤੇ ਮਾਨਬੀਬੜੀਆਂ ਦੂਜੇ ਸਥਾਨ ’ਤੇ ਰਹੇ ਅਤੇ ਕਬੱਡੀ ਨੈਸ਼ਨਲ ਲੜਕੀਆਂ ਖੋਖਰ ਪਹਿਲੇ ਅਤੇ ਖਿਆਲਾ ਕਲਾਂ ਦੂਜੇ ਸਥਾਨ ’ਤੇ ਰਹੇ। ਕਬੱਡੀ ਸਰਕਲ ਮੁੰਡੇ ਵਿੱਚ ਚਕੇਰੀਆਂ ਪਹਿਲੇ ਅਤੇ ਦੂਜੇ ਸਥਾਨ ’ਤੇ ਅਤੇ ਮਾਨਸਾ ਕੈਂਬਰਿਜ ਸਕੂਲ ਦੂਜੇ ਸਥਾਨ ’ਤੇ ਰਿਹਾ। ਵਾਲੀਬਾਲ ਕੁੜੀਆਂ ਵਿੱਚ ਰੈਨੇਸੈਂਸ ਸਕੂਲ ਪਹਿਲੇ ਅਤੇ ਬੁਰਜ ਹਰੀ ਦੂਜੇ ਸਥਾਨ ’ਤੇ ਰਿਹਾ। 600 ਮੀਟਰ ਰੇਸ ਕੁੜੀਆਂ ਵਿੱਚ ਸਿਮਰਨ ਕੌਰ ਪਹਿਲੇ ਅਤੇ ਜਸ਼ਨਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੀ। 600 ਮੀਟਰ ਮੁੰਡੇ ਵਿੱਚ ਗੁਰਮਨ ਸਿੰਘ ਅਤੇ ਰੌਬਿਨਪ੍ਰੀਤ ਸਿੰਘ ਦੂਜੇ ਸਥਾਨ ’ਤੇ ਰਹੇ।
ਉਨ੍ਹਾਂ ਦੱਸਿਆ ਕਿ ਸ਼ਾਟਪੁੱਟ ਵਿੱਚ ਕੁੜੀਆਂ ਦਿਸ਼ਾ ਸ਼ਰਮਾ ਪਹਿਲੇ ਅਤੇ ਗੁਰਲੀਨ ਕੌਰ ਦੂਜੇ ਸਥਾਨ ’ਤੇ ਰਹੀ ਅਤੇ ਸ਼ਾਟਪੁੱਟ ਮੁੰਡੇ ਵਿੱਚ ਮਹਿਤਾਬਵੀਰ ਸਿੰਘ ਪਹਿਲੇ ਅਤੇ ਅਰਪਨ ਸਿੰਘ ਦੂਜੇ ਸਥਾਨ ’ਤੇ ਰਹੇ। 60 ਮੀਟਰ ਰੇਸ ਵਿੱਚ ਹਰਮਨਦੀਪ ਸਿੰਘ ਨੇ ਪਹਿਲਾ ਅਤੇ ਕਮਲ ਨੇ ਦੂਜਾ ਸਥਾਨ ਹਾਸਲ ਕੀਤਾ। ਖੋ ਖੋ  ਅੰਡਰ-14 ਲੜਕਿਆਂ ਵਿਚ ਸਰਕਾਰੀ ਮਿਡਲ ਸਕੂਲ ਡੇਲੂਆਣਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਚਕੇਰੀਆਂ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਖੋ ਖੋ ਅੰਡਰ-14 ਲੜਕੀਆਂ ਵਿਚ ਸਰਕਾਰੀ ਮਿਡਲ ਸਕੂਲ ਡੇਲੂਆਣਾ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਚਕੇਰੀਆਂ ਦੂਸਰੇ ਸਥਾਨ ’ਤੇ ਰਿਹਾ।
ਬਲਾਕ ਭੀਖੀ ਦੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਲੰਬੀ ਛਾਲ ਅੰਡਰ-14 ਲੜਕੀਆਂ ਵਿਚ ਜੈਸਮੀਨ ਕੌਰ ਸਮਾਓਂ ਨੇ ਪਹਿਲਾ, ਸੁਨੀਤਾ ਕੌਰ ਸਮਾਓਂ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਹੀਰੋਂ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਲੜਕੇ ਅੰਡਰ-14 ਵਿਚ ਜਸਨੂਰ ਸ਼ਰਮਾ ਖੀਵਾ ਕਲਾਂ ਨੇ ਪਹਿਲਾ, ਹਰਮਨਜੀਤ ਸਿੰਘ ਹੀਰੋਂ ਕਲਾਂ ਨੇ ਦੂਜਾ ਅਤੇ ਅਬੈਪਾਲ ਸਿੰਘ ਅਤਲਾ ਖ਼ੁਰਦ ਨੇ ਤੀਜਾ ਸਥਾਨ ਹਾਸਲ ਕੀਤਾ। 60 ਮੀਟਰ ਰੇਸ ਲੜਕਿਆਂ ਵਿਚ ਜਸਨੂਰ ਸ਼ਰਮਾ ਨੇ ਪਹਿਲਾ, ਹਰਮਨਜੀਤ ਸਿੰਘ ਹੀਰੋਂ ਕਲਾਂ ਨੇ ਦੂਜਾ ਅਤੇ ਮਨਿੰਦਰ ਵਰਮਾਂ ਹੀਰੋਂ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ।
60 ਮੀਟਰ ਰੇਸ ਲੜਕੀਆਂ ਵਿਚ ਸੁਨੀਤਾ ਸਮਾਓਂ ਨੇ ਪਹਿਲਾ, ਜੈਸਮੀਨ ਕੌਰ ਸਮਾਓਂ ਨੇ ਦੂਜਾ ਅਤੇ ਸਰਬਜੀਤ ਕੌਰ ਸਮਾਓਂ ਨੇ ਤੀਜਾ ਸਥਾਨ ਹਾਸਲ ਕੀਤਾ। 600 ਮੀਟਰ ਰੇਸ ਅੰਡਰ-14 ਲੜਕੀਆਂ ਵਿਚ ਮਨਪ੍ਰੀਤ ਕੌਰ ਹੀਰੋਂ ਕਲਾਂ ਨੇ ਪਹਿਲਾ, ਮਨਸੀਰਤ ਕੌਰ ਭੀਖੀ ਨੇ ਦੂਜਾ ਅਤੇ ਜਸ਼ਨਦੀਪ ਕੌਰ ਸਮਾਓਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟ ਪੁੱਟ ਲੜਕੇ ਵਿਚ ਗੁਰਸ਼ਰਨ ਸਿੰਘ ਸਮਾਓਂ ਨੇ ਪਹਿਲਾ, ਹਰਮਨ ਸਿੰਘ ਅਤਲਾ ਕਲਾਂ ਨੇ ਦੂਜਾ ਅਤੇ ਜ਼ਫਰ ਖਾਂ ਅਤਲਾ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟ ਪੁੱਟ ਲੜਕੀਆਂ ਵਿਚ ਮਨਸੀਰਤ ਕੌਰ ਨੇ ਪਹਿਲਾ, ਸੁਨੀਤਾ ਰਾਣੀ ਨੇ ਦੂਜਾ ਅਤੇ ਜਪਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਕੋਚ ਗੁਰਪ੍ਰੀਤ ਸਿੰਘ , ਸ਼ਹਿਬਾਜ ਸਿੰਘ, ਸ਼ਾਲੂ , ਸੰਗਰਾਮਜੀਤ ਸਿੰਘ, ਮਨਪ੍ਰੀਤ ਸਿੰਘ, ਕਨਵੀਨਰ ਮਹਿੰਦਰ ਕੌਰ, ਹਰਪ੍ਰੀਤ ਸਿੰਘ, ਰਾਜਦੀਪ ਸਿੰਘ, ਭੁਪਿੰਦਰ ਸਿੰਘ,ਰਾਜਵੀਰ ਮੌਦਗਿੱਲ, ਜਗਸੀਰ ਸਿੰਘ, ਭੋਲਾ ਸਿੰਘ, ਖੇਡ ਕੋ ਆਰਡੀਨੇਟਰ ਅੰਮ੍ਰਿਤਪਾਲ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here