
ਅੰਮ੍ਰਿਤਸਰ 30,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਮਦਨ ‘ਚ ਚੋਖਾ ਖੋਰਾ ਲੱਗਿਆ ਹੈ। ਨਵਜੋਤ ਸਿੱਧੂ ਦੀ ਆਮਦਨ ਪੰਜ ਸਾਲਾਂ ‘ਚ 9 ਕਰੋੜ ਰੁਪਏ ਘਟੀ ਹੈ।ਨਵਜੋਤ ਸਿੰਘ ਸਿੱਧੂ ਵੱਲੋਂ ਸ਼ਨੀਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਮੌਕੇ ਜਾਇਦਾਦ ਦੇ ਦਿੱਤੇ ਵੇਰਵਿਆਂ ਮੁਤਾਬਕ ਉਨ੍ਹਾਂ ਦੀ ਆਮਦਨ 91929320 ਰੁਪਏ ਘਟੀ ਹੈ , ਜਦਕਿ ਨਵਜੋਤ ਸਿੱਧੂ ਕੋਲ 2016-2017 ‘ਚ 94,18,7400 ‘ਚ ਦੀ ਜਾਇਦਾਦ ਸੀ। ਨਵਜੋਤ ਸਿੱਧੂ ਕੋਲ ਪੰਜ ਸਾਲਾਂ ਬਾਅਦ ਸਿਰਫ 22,58,080 ਕਰੋੜ ਦੀ ਜਾਇਦਾਦ ਕੋਲ ਬਚੀ ਹੈ ,ਜਦਕਿ ਪਤਨੀ ਦੀ ਆਮਦਨ ‘ਚ ਸੱਤ ਲੱਖ ਰੁਪਏ ਦਾ ਵਾਧਾ ਹੋਇਆ ਹੈ। ਹਾਲਾਕਿ 2019-20 ਦੇ ਮੁਕਾਬਲੇ 2020-21 ‘ਚ ਸਿੱਧੂ ਦੀ ਜਾਇਦਾਦ ‘ਚ ਪੰਜ ਲੱਖ ਰੁਪੈ ਦਾ ਵਾਧਾ ਹੈ। ਨਵਜੋਤ ਸਿੱਧੂ ਨੇ ਆਪਣੇ ਨਾਮਜ਼ਦਗੀ ਫਾਰਮ ਵਿਚ ਇਹ ਜ਼ਿਕਰ ਕੀਤਾ ਹੈ ਕਿ ਉਸਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਪੈਂਡਿੰਗ ਨਹੀਂ ਹੈ। ਨਾਮਜ਼ਦਗੀ ਫਾਰਮ ਵਿਚ ਦਿੱਤੇ ਵੇਰਵੇ ਅਨੁਸਾਰ ਨਵਜੋਤ ਸਿੱਧੂ ਕੋਲ ਕੈਸ਼ ਸਾਢੇ ਤਿੰਨ ਲੱਖ ਰੁਪਏ ਹਨ ਅਤੇ ਉਨ੍ਹਾਂ ਦੀ ਪਤਨੀ ਕੋਲ ਦੋ ਲੱਖ ਦੀ ਨਕਦੀ ਹੈ। ਪੰਜ ਬੈਂਕਾਂ ‘ਚ ਸਿੱਧੂ ਕੋਲ 846042 ਰੁਪਏ ਹਨ ਅਤੇ ਸਿੱਧੂ ਦੀ ਪਤਨੀ ਕੋਲ 6526398 ਰੁਪਏ ਬੈਂਕਾਂ ‘ਚ ਜਮ੍ਹਾ ਹਨ। ਹਾਲਾਂਕਿ ਸਿੱਧੂ ਨੇ ਦੋਵਾਂ ਬੱਚਿਆਂ ਦੇ ਕੋਲ ਕਿੰਨੀ ਜਾਇਦਾਦ ਹੈ ,ਇਸ ਦਾ ਵੇਰਵਾ ਨਹੀਂ ਦਿੱਤਾ। ਇਸ ਦੇ ਇਲਾਵਾ ਪਤੀ- ਪਤਨੀ ਕੋਲ 50-50 ਹਜ਼ਾਰ ਰੁਪਏ ਦੇ ਸ਼ੇਅਰ ਬਾਂਡ ਹਨ। ਸਿੱਧੂ ਨੇ 445841 ਰੁਪਏ ਦੀ ਇਨਵੈਸਟਮੈਂਟ ਕੀਤੀ ਹੈ। ਨਵਜੋਤ ਸਿੱਧੂ ਕੋਲ 30 ਲੱਖ ਦੇ ਗਹਿਣੇ ਹਨ ਅਤੇ ਪਤਨੀ ਕੋਲ 70 ਲੱਖ ਰੁਪਏ ਦੇ ਗਹਿਣੇ ਹਨ। ਨਵਜੋਤ ਸਿੱਧੁੂ ਮਹਿੰਗੀਆਂ ਘੜੀਆਂ ਦੇ ਸ਼ੋਕੀਨ ਹਨ ਅਤੇ ਉਨ੍ਹਾਂ ਕੋਲ 44 ਲੱਖ ਦੀਆਂ ਘੜੀਆਂ ਹਨ। ਨਵਜੋਤ ਸਿੱਧੂ ਕੋਲ ਇਕ ਕਰੋੜ ਤੀਹ ਲੱਖ ਰੁਪਏ ਦੀਆਂ ਤਿੰਨ ਗੱਡੀਆਂ ਹਨ। ਸਿੱਧੂ ਜੋੜ ਕੋਲ ਉਕਤ ਸਾਰੀ ਚੱਲ (Movable) ਜਾਇਦਾਦ ਹੈ।ਜਦਕਿ ਅਚੱਲ ਸੰਪਤੀ ‘ਚ ਸਿੱਧੂ ਕੋਲ 39 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਪਤਨੀ ਨਵਜੋਤ ਕੌਰ ਸਿੱਧੂ ਕੋਲ 2.35 ਕਰੋੜ ਰੁਪਏ ਦੀ ਜਾਇਦਾਦ ਹੈ।
