
ਫਗਵਾੜਾ 18 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਨਾਲ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾਮਿੱਤਰ ਸ਼ਰਮਾ ਦੀ ਦੇਖ-ਰੇਖ ਹੇਠ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਸਥਾਨਕ ਖੇੜਾ ਰੋਡ ’ਤੇ ਇਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਾਰਡ ਨੰਬਰ 37 ਦੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 40 ਵਿਦਿਆਰਥੀਆਂ ਨੂੰ ਇਨਾਮ ਅਤੇ ਤੋਹਫੇ ਦੇ ਕੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਨੂੰ ਸਿੱਖਿਆ ਦੀ ਮਹੱਤਤਾ ਦੱਸਣਾ ਅਤੇ ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡ, ਸਰਟੀਫਿਕੇਟ ਅਤੇ ਟੀ-ਸ਼ਰਟ ਤੋਹਫ਼ੇ ਵਜੋਂ ਪ੍ਰਦਾਨ ਕੀਤੀ ਗਈ ਹੈ। ਸਾਬਕਾ ਵਾਰਡ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਟੀਚੇ ਤੈਅ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੰਦਨਾ ਸ਼ਰਮਾ, ਟੀ.ਐਸ. ਬੇਦੀ, ਸੁਰਿੰਦਰ ਪਾਲ, ਪੁਨੀਤ ਕੁਮਾਰ ਮੋਹਨ ਲਾਲ ਤਨੇਜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
