ਮਾਨਸਾ, 05 ਸਤੰਬਰ(ਸਾਰਾ ਯਹਾ, ਬਲਜੀਤ ਸ਼ਰਮਾ) : ਜ਼ਿਲ੍ਹਾ ਮਾਨਸਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਬੁਢਲਾਡਾ ਸ਼ਹਿਰ ਦੇ ਕਾਇਆ ਕਲਪ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸਬ ਡਵੀਜ਼ਨ ਬੁਢਲਾਡਾ ਦੇ ਅਗਾਂਹਵਧੂ ਐਸ.ਡੀ.ਐਮ ਸ੍ਰੀ ਸਾਗਰ ਸੇਤੀਆ ਵੱਲੋਂ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਅਤਿ ਆਧੁਨਿਕ ਸੁਵਿਧਾਵਾਂ ਵਾਲੀ ‘ਪਾਮ ਸਟਰੀਟ’ ਵਜੋਂ ਵਿਕਸਤ ਕਰਨ ਲਈ ਉਲੀਕੇ ਪ੍ਰੋਜੈਕਟ ਦੀ ਰੂਪ ਰੇਖਾ ਨੂੰ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਂਬਾ ਵੱਲੋਂ ਸਾਂਝੇ ਤੌਰ ਉੱਤੇ ਜਾਰੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਬੁਢਲਾਡਾ ਸ਼ਹਿਰ ਲਈ ਹਰਿਆਵਲ ਭਰਪੂਰ ਯਤਨ ਆਰੰਭਣ ਲਈ ਸ਼੍ਰੀ ਸਾਗਰ ਸੇਤੀਆ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਸੀ।
ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਬੁਢਲਾਡਾ ਸ਼ਹਿਰ ਵਿੱਚ ਆਧੁਨਿਕ ਸਟਰੀਟ ਤਿਆਰ ਕੀਤੀ ਜਾ ਰਹੀ ਹੈ ਜਿਸ ਦਾ ਨਾਮ ‘ਪਾਮ ਸਟਰੀਟ’ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 72 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਪਾਮ ਸਟਰੀਟ ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਹੋਣਗੀਆਂ।ਉਨ੍ਹਾਂ ਦੱਸਿਆ ਕਿ ਇਸ ਸਟਰੀਟ ਵਿੱਚ ਵਾਹਨਾਂ ਲਈ ਬਿਹਤਰੀਨ ਪਾਰਕਿੰਗ ਵਿਵਸਥਾ, ਸਾਫ਼ ਸੁਥਰੀਆਂ ਸੜਕਾਂ, ਡ੍ਰੇਨੇਜ ਸੁਵਿਧਾ, ਸਟਰੀਟ ਲਾਈਟਾਂ, ਪੈਦਲ ਚੱਲਣ ਵਾਲਿਆਂ ਲਈ ਰਸਤਾ ਆਦਿ ਸੁਵਿਧਾਵਾਂ ਵੀ ਹੋਣਗੀਆਂ । ਉਨ੍ਹਾਂ ਦੱਸਿਆ ਕਿ ਤਕਰੀਬਨ 650 ਮੀਟਰ ਲੰਮੀ ਪਾਮ ਸਟਰੀਟ ਰੇਲਵੇ ਰੋਡ ‘ਤੇ ਬਣਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਾਮ ਸਟਰੀਟ ਦੇ ਟੈਂਡਰ ਅਕਤੂਬਰ ਮਹੀਨੇ ਵਿੱਚ ਖੁੱਲ੍ਹ ਜਾਣਗੇ ਅਤੇ 3-4 ਮਹੀਨਿਆਂ ਦੇ ਅੰਦਰ ਹੀ ਇਹ ਸਟਰੀਟ ਬੁਢਲਾਡਾ ਵਾਸੀਆਂ ਦੇ ਸਪੁਰਦ ਕਰ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਪਾਮ ਸਟਰੀਟ ਦੇ ਬਣਨ ਨਾਲ ਜਿੱਥੇ ਬੁਢਲਾਡਾ ਸ਼ਹਿਰ ਦੀ ਨੁਹਾਰ ਬਦਲੇਗੀ, ਉਥੇ ਹੀ ਇਹ ਨਮੂਨੇ ਦੇ ਸ਼ਹਿਰ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਦਾ ਨਕਸ਼ਾ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਸਟਰੀਟ ਪੂਰੇ ਸੂਬੇ ਅੰਦਰ ਨਿਵੇਕਲੀ ਹੀ ਹੋਵੇਗੀ ਅਤੇ ਨੇੜ ਭਵਿੱਖ ਵਿੱਚ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਹੋਣ ਦੀ ਸੰਭਾਵਨਾ ਵਧੇਗੀ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਦਾ ਕੰਮ ਟੈਂਡਰ ਲਗਦੇ ਹੀ ਤੁਰੰਤ ਸ਼ੁਰੂ ਕਰਵਾਇਆ ਜਾਵੇ ਅਤੇ ਪੂਰੀ ਲਗਨ ਅਤੇ ਸ਼ਿੱਦਤ ਨਾਲ ਇਸਨੂੰ ਮੁਕੰਮਲ ਕਰਵਾਇਆ ਜਾਵੇ, ਤਾਂ ਜੋ ਜਲਦ ਤੋਂ ਜਲਦ ਇਹ ਪਾਮ ਸਟਰੀਟ ਮੁਕੰਮਲ ਹੋ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਵੱਲੋਂ ਪਾਮ ਸਟਰੀਟ ਪ੍ਰੋਜੈਕਟ ਲਈ ਐਸ.ਡੀ.ਐਮ. ਸ਼੍ਰੀ ਸਾਗਰ ਸੇਤੀਆ ਅਤੇ ਉਨ੍ਹਾਂ ਦੀ ਟੀਮ ਦਾ ਸ਼ਲਾਘਾ ਕੀਤੀ ਗਈ।
ਇਸ ਮੌਕੇ ‘ਪਾਮ ਸਟਰੀਟ’ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸੇਤੀਆ ਨੇ ਦੱਸਿਆ ਕਿ ਇਸ ਰੋਡ ਨੂੰ ઠਰਾਹਗੀਰਾਂ ਲਈ ਇਕ ਸੁੰਦਰ ਪੈਦਲ ਸੈਰਗਾਹ ਵਜੋਂ ਸੜਕ ਦੇ ਕਿਨਾਰੇ ਰੁੱਖ ਲਗਾ ਕੇ ਸਾਰੀ ਰੇਲਵੇ ਸੜਕ ਨੂੰ 7-8 ਫੁੱਟ ਚੌੜਾ ਕਰਕੇ ਨਵੀਨੀਕਰਨ ਕੀਤਾ ਜਾਵੇਗਾ। ਸ੍ਰੀ ਸੇਤੀਆ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕਰਨ ਤੋਂ ਇਲਾਵਾ ਬਾਜ਼ਾਰ ਆਉਣ ਵਾਲੇ ਲੋਕਾਂ ਦੀ ਸਹੂਲਤ ਵਜੋਂ ਵਾਹਨਾਂ ਦੀ ਪਾਰਕਿੰਗ ਦੀ ਸੁਵਿਧਾ ਅਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਰੋਡ ਇਕ ਛੋਟਾ ਪਰ ਜ਼ਿਆਦਾ ਚੱਲਣ ਵਾਲਾ ਰਾਸਤਾ ਹੈ ਜਿਸ ਵਿਚ ਨਜਾਇਜ਼ ਕਬਜ਼ੇ ਹਟਾਉਣ ਲਈ ਜਿੰਨੇ ਵੀ ਸ਼ਹਿਰ ਵਾਸੀਆਂ, ਦੁਕਾਨਦਾਰਾਂ, ਸਮਾਜ ਸੇਵੀ ਸੰਸਥਾਵਾਂ ਨੇ ਖੁਦ ਅੱਗੇ ਆ ਕੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ ਉਸ ਲਈ ਉਹ ਤਹਿ ਦਿਲੋਂ ਧੰਨਵਾਦੀ ਹਨ ਅਤੇ ਜਲਦੀ ਹੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ।