ਮਾਨਸਾ, 13 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸਰਮਾ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਨਵਰੂਪ ਕੌਰ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਸਮੂਦਾਇਕ ਸਿਹਤ ਕੇਦਰ ਖਿਆਲਾ ਕਲਾਂ ਅਧੀਨ ਪੈਂਦੇ ਪਿੰਡਾਂ ਵਿੱਚ 7 ਮਾਰੂ ਬੀਮਾਰੀਆਂ ਅਤੇ ਖਸਰਾ ਰੁਬੈਲਾ ਬੀਮਾਰੀ ਦੇ ਪੂਰਨ ਖਾਤਮੇ ਲਈ ਦੂਰ ਦਰਾਡੇ ਦੇ ਇਲਾਕਿਆਂ, ਭੱਠਿਆਂ ਅਤੇ ਝੁੱਗੀ ਝੌਂਪੜੀਆਂ ਵਾਲੇ ਇਲਾਕੇ ਵਿੱਚ ਪੂਰਾ ਹਫਤਾ ਚੱਲਣ ਵਾਲੇ ਟੀਕਾਕਰਨ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਪੈਸ਼ਲ ਟੀਕਾਕਰਨ ਹਫਤੇ ਦੌਰਾਨ ਗਰਭਵਤੀ ਔਰਤਾਂ ਅਤੇ ਟੀਕਾਕਰਨ ਤੋਂ ਵਾਂਝੇ ਪੰਜ ਸਾਲ ਤੱਕ ਦੇ ਬੱਚਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ, ਜਿੰਨ੍ਹਾਂ ਦਾ ਸਪੈਸ਼ਲ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ। ਖਸਰਾ ਰੁਬੈਲਾ ਬੀਮਾਰੀ ਤੋਂ ਪੀੜ੍ਹਤ ਬੱਚਿਆਂ ਨੂੰ ਬੁਖਾਰ ਅਤੇ ਸਰੀਰ ’ਤੇ ਦਾਣੇ ਹੋ ਜਾਂਦੇ ਹਨ ਇਸ ਸਬੰਧੀ ਸਿਹਤ ਕਰਮੀਆਂ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਸਿਹਤ ਕੇਂਦਰ ਵਿੱਚ ਸੂਚਨਾ ਦੇਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਟੀਕਾਕਰਨ ਸੂਚੀ ਵਿੱਚ ਸ਼ਾਮਲ ਸਾਰੀਆਂ ਬੀਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦਾ ਟੀਕਾਕਰਨ ਸਿਹਤ ਟੀਮਾਂ ਵੱਲੋਂ ਕੀਤਾ ਜਾਵੇਗਾ। ਸਕੂਲੀ ਵਿਦਿਆਰਥੀਆਂ ਦਾ ਸੌ ਫੀਸਦੀ ਟੀਕਾਕਰਨ ਕਰਨ ਲਈ ਸਿੱਖਿਆ ਵਿਭਾਗ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਸਿਹਤ ਟੀਮਾਂ ਵੱਲੋਂ ਪਰਵਾਸੀ ਮਜਦੂਰਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਸਪੈਸ਼ਲ ਟੀਕਾਕਰਨ ਕੈਂਪ ਭੱਠਿਆਂ, ਫੈਕਟਰੀਆਂ ਵਿੱਚ ਆਊਟਰੀਚ ਕੈਂਪ ਲਗਾ ਕੇ ਮੁਫਤ ਟੀਕਾਕਰਨ ਕੀਤਾ ਜਾਵੇਗਾ।