ਬਰੇਟਾ (ਸਾਰਾ ਯਹਾਂ/ਰੀਤਵਾਲ) ਖੁਸ਼ੀਆਂ ਭਰੇ ਤਿਉਹਾਰਾਂ ਮੌਕੇ ਹਰ ਕੋਈ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਵਿਚ ਲੱਗਾ ਹੁੰਦਾ ਹੈ ਤੇ ਖੁਸ਼ੀਆਂ ਸਾਂਝੀਆਂ ਕਰਨ ਲਈ ਮਿਠਾਈਆਂ ਵੱਡੀ ਤਾਦਾਦ ਵਿਚ ਵਰਤੀਆਂ ਜਾਂਦੀਆਂ ਹਨ, ਪਰ ਲਾਲਚੀ ਤੇ ਘਟੀਆ ਸੋਚ ਵਾਲੇ ਕੁਝ ਲੋਕ ਇਨ੍ਹਾਂ ਦਿਨਾਂ ਵਿਚ ਆਪਣਾ ਗੋਰਖਧੰਦਾ ਚਲਾ ਕੇ ਅਤੇ ਵੱਡੀ ਮਾਤਰਾ ਵਿਚ ਲੋਕਾਂ ਨੂੰ ਜ਼ਹਿਰ ਵੇਚ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ । ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਬਰੇਟਾ ‘ਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੂਡ ਸਫੇਟੀ ਅਫਸਰ ਸੀਮਾ ਰਾਣੀ ਨੇ ਦੱਸਿਆ ਕਿ ਅੱਜ ਸਾਡੀ ਟੀਮ ਵੱਲੋਂ ਬਰੇਟਾ ‘ਚ 6 ਖਾਣ ਪੀਣ ਦੀਆਂ ਦੁਕਾਨਾਂ ਤੋਂ ਸੈਂਪਲ ਲਏ ਗਏ ਹਨ । ਜਿਨ੍ਹਾਂ ਵਿੱਚੋ ਦੋ ਹਲਵਾਈ ਦੀਆਂ ਦੁਕਾਨਾਂ ਚੋਂ ਮਿਲਕ ਕੇਕ , ਗੁਲਾਬ ਜਾਮਣ ਅਤੇ ਪਨੀਰ ਆਦਿ ਦੇ ਸੈਂਪਲ ਲਏ ਗਏ । ਇਸੇ ਤਰਾਂ੍ਹ ਚਾਰ ਕਰਿਆਨਾ ਦੀਆਂ ਦੁਕਾਨਾਂ ‘ਚੋ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਅੱਗੇ ਖਰੜ ਲੈਬ ‘ਚ ਭੇਜਿਆ ਗਿਆ ਹੈ ਤੇ ਜਾਂਚ ਰਿਪੋਰਟ ਆਉਣ ਮਗਰੋਂ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖ਼ੀ ਗਈ ਹੈ । ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਸੀ ਕਿ ਅੱਜ ਟੀਮ ਦੀ ਇੱਕ ਹੋਰ ਖਾਸ ਗੱਲ ਦੇਖਣ ਨੂੰ ਮਿਲੀ ਕਿ ਜਿਹੜੀਆਂ ਮਿਠਾਈਆਂ ਦੀਆਂ ਦੁਕਾਨਾਂ ਤੇ ਹਰਿਆਣਾ ਦੀ ਨਕਲੀ ਮਿਠਾਈ ਦਾ ਕਾਰੋਬਾਰ ਧੜੱਲੇ ਨਾਲ ਚਲਦਾ ਹੈ । ਉਨ੍ਹਾਂ ਦੁਕਾਨਾਂ ਵੱਲ ਟੀਮ ਨੇ ਮੂੰਹ ਹੀ ਨਹੀ ਕੀਤਾ ਜਦਕਿ ਸ਼ਹਿਰ ‘ਚ ਸ਼ਰੇਆਮ ਮਿਲਾਵਟੀ ਨਕਲੀ ਮਿਠਾਈ ਦਾ ਕਾਰੋਬਾਰ ਪਿਛਲੇ ਲੰਮੇ ਸਮੇਂ ਤੋਂ ਧੱੜਲੇ ਨਾਲ ਚੱਲ ਰਿਹਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰੱਖੜੀ ਦੇ ਤਿਉਹਾਰ ‘ਤੇ ਮਿਠਾਈ ਵੇਚਣ ਵਾਲੇ ਕੁਝ ਦੁਕਾਨਦਾਰਾਂ ਵੱਲੋਂ ਵੱਡੇ ਪੱਧਰ ਤੇ ਮਿਠਾਈ ਦੇ ਆਰਡਰ ਹਰਿਆਣਾ ਦੀ ਟੋਹਾਣਾ ਮੰਡੀ ‘ਚ ਬੁੱਕ ਕਰਵਾਏ ਗਏ ਸਨ ਪਰ ਹੁਣ ਦੇਖਣਾ ਇਹ ਹੈ ਕਿ ਸਿਹਤ ਵਿਭਾਗ ਇਨ੍ਹਾਂ ਨਕਲੀ ਮਿਠਾਈਆਂ ਵੇਚਣ ਵਾਲਿਆਂ ਤੇ ਕੋਈ ਸਿਕੰਜਾ ਕਸੇਗਾ ਜਾਂ ਫਿਰ ਹਰ ਵਾਰ ਦੀ ਤਰ੍ਹਾਂ ਸ਼ਹਿਰ ‘ਚ ਨਕਲੀ ਮਿਠਾਈ ਦਾ ਕਾਰੋਬਾਰ ਇਸੇ ਤਰ੍ਹਾਂ ਵਧਦਾ ਫੁੱਲਦਾ ਰਹੇਗਾ ਅਤੇ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਰਹਿਣਗੇ ।