ਮਾਨਸਾ, 02 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ, ਨਗਰ ਪੰਚਾਇਤ ਬੋਹਾ ਅਤੇ ਜੋਗਾ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਕਰਵਾਉਣ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਨੁਸਾਰ 9 ਦਸੰਬਰ 2020 ਤੱਕ ਵੋਟਰ ਸੂਚੀਆਂ ਦੀ ਤਿਆਰੀ, 10 ਦਸੰਬਰ ਨੂੰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ, 16 ਦਸੰਬਰ ਤੱਕ ਦਾਵੇ ਅਤੇ ਇਤਰਾਜ ਅਤੇ 23 ਦਸੰਬਰ ਤੱਕ ਇਤਰਾਜਾਂ ਦੇ ਨਿਪਟਾਰੇ ਕਰਨ ਉਪਰੰਤ 5 ਜਨਵਰੀ 2021 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਹ ਵੋਟਰ ਸੂਚੀਆਂ ਦੀ ਸੁਧਾਈ ਯੋਗਤਾ ਮਿਤੀ 1 ਜਨਵਰੀ 2021 ਨੂੰ ਅਧਾਰ ਮੰਨ ਕੇ ਕੀਤੀ ਜਾਣੀ ਹੈ। ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸਬੰਧੀ ਨਿਰਧਾਰਿਤ ਪ੍ਰੋਫਾਰਮੇ ਵਿੱਚ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਵਾਰਡ ਵਾਇਜ਼ ਵੋਟਾਂ ਦੀ ਪੜਤਾਲ ਕਰਵਾ ਕੇ ਸੂਚਨਾ ਭਰ ਕੇ ਅਤੇ ਇਹ ਲਿਸਟਾਂ ਐਕਸਲ ਸ਼ੀਟ ਵਿੱਚ ਤਿਆਰ ਕਰਕੇ ਸਮੇਤ ਸੀ.ਡੀ. ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਵਿਖੇ 10 ਦਸੰਬਰ ਤੋਂ ਪਹਿਲਾਂ-ਪਹਿਲਾਂ ਭੇਜਣੀ ਯਕੀਨੀ ਬਣਾਈ ਜਾਵੇ, ਤਾਂ ਜੋ ਉਸ ਅਨੁਸਾਰ ਮੁੱਢਲੀ ਪ੍ਰਕਾਸ਼ਨਾ ਲਈ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਇਸ ਕੰਮ ਨੂੰ ਨਿਸ਼ਚਿਤ ਸਮੇਂ ਵਿੱਚ ਨਿਪਟਾਉਣਾ ਯਕੀਨੀ ਬਣਾਇਆ ਜਾਵੇ।