ਨਵੀਂ ਦਿੱਲੀ 05,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪੰਜ ਖਾਲਿਸਤਾਨੀ ਅੱਤਵਾਦੀਆਂ ਖਿਲਾਫ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥ, ਗੋਲਾ-ਬਾਰੂਦ ਅਤੇ ਹਥਿਆਰ ਵੇਚਣ ਅਤੇ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਫੈਲਾਉਣ ਦੇ ਦੋਸ਼ ‘ਚ NIA ਅਦਾਲਤ ‘ਚ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਪੰਜੇ ਮੁਲਜ਼ਮ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਵਸਨੀਕ ਦੱਸੇ ਜਾਂਦੇ ਹਨ।
ਇਨ੍ਹਾਂ ਦੋਸ਼ੀਆਂ ਖਿਲਾਫ ਚਾਰਜਸ਼ੀਟ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਵਿਰੁੱਧ ਇਹ ਚਾਰਜਸ਼ੀਟ ਅਦਾਲਤ ਵਿਚ ਪੇਸ਼ ਕੀਤੀ ਗਈ ਹੈ, ਉਨ੍ਹਾਂ ਵਿਚ ਹਰਮੇਸ਼ ਸਿੰਘ, ਦਰਵੇਸ਼ ਸਿੰਘ ਵਾਸੀ ਫਿਰੋਜ਼ਪੁਰ ਪੰਜਾਬ, ਗੁਰਮੁਖ ਸਿੰਘ ਵਾਸੀ ਜਲੰਧਰ, ਗਗਨਦੀਪ ਸਿੰਘ ਵਾਸੀ ਫਗਵਾੜਾ ਕਪੂਰਥਲਾ ਅਤੇ ਐੱਸ. ਲਖਬੀਰ ਸਿੰਘ ਰੋਡੇ ਉਰਫ ਬਾਬਾ ਵਾਸੀ ਰੋਡੇ ਪੰਜਾਬ ਦੱਸਿਆ ਗਿਆ ਹੈ। ਇਨ੍ਹਾਂ ਚੋਂ ਲਖਬੀਰ ਸਿੰਘ ਰੋਡੇ ਇਸ ਸਮੇਂ ਪਾਕਿਸਤਾਨ ਵਿਚ ਹੈ ਅਤੇ ਉਹ ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦਾ ਮੁਖੀ ਵੀ ਦੱਸਿਆ ਜਾਂਦਾ ਹੈ। NIA ਦੇ ਉੱਚ ਅਧਿਕਾਰੀ ਮੁਤਾਬਕ ਇਹ ਮਾਮਲਾ 25 ਅਗਸਤ 2021 ਨੂੰ ਫਿਰੋਜ਼ਪੁਰ ਪੰਜਾਬ ਦੇ ਮਮਦੋਟ ਥਾਣੇ ਵਿੱਚ ਦਰਜ ਕੀਤਾ ਗਿਆ ਸੀ, ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਗਈ ਸੀ
ਡਰੋਨ ਰਾਹੀਂ ਕੀਤੀ ਜਾਂਦੀ ਸੀ ਸਪਲਾਈ
NIA ਦਾ ਦਾਅਵਾ ਹੈ ਕਿ ਪਾਕਿਸਤਾਨ ‘ਚ ਬੈਠਾ ਲਖਵੀਰ ਸਿੰਘ ਰੋਡੇ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ, ਗੋਲਾ ਬਾਰੂਦ ਅਤੇ ਗੈਰ-ਕਾਨੂੰਨੀ ਹਥਿਆਰ ਭੇਜਦਾ ਸੀ। ਇਹ ਮੁਲਜ਼ਮ ਗੈਰ-ਕਾਨੂੰਨੀ ਮਾਲ ਦੀ ਇਸ ਆਉਣ ਵਾਲੀ ਖੇਪ ਨੂੰ ਵੇਚਦੇ ਸੀ ਅਤੇ ਇਸ ਪੈਸੇ ਦੀ ਵਰਤੋਂ ਭਾਰਤ ਵਿੱਚ ਅੱਤਵਾਦ ਵਧਾਉਣ ਲਈ ਕੀਤੀ ਜਾਂਦੀ ਸੀ। ਨਾਲ ਹੀ ਆਉਣ ਵਾਲੇ ਗੋਲਾ ਬਾਰੂਦ ਦੀ ਵੀ ਅੱਤਵਾਦੀ ਗਤੀਵਿਧੀਆਂ ਲਈ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਮੁਲਜ਼ਮਾਂ ਨੂੰ ਪਤਾ ਸੀ ਕਿ ਪਾਕਿਸਤਾਨ ਤੋਂ ਆਉਣ ਵਾਲਾ ਡਰੋਨ ਸਾਮਾਨ ਕਿੱਥੇ ਸੁੱਟੇਗਾ। ਇਹ ਲੋਕ ਉਥੇ ਜਾ ਕੇ ਇਹ ਸਾਮਾਨ ਚੁੱਕਦੇ ਸੀ, ਜਿਸ ਤੋਂ ਬਾਅਦ ਇਹ ਸਾਮਾਨ ਹੋਰ ਸਾਜ਼ਿਸ਼ਕਾਰਾਂ ਨੂੰ ਸੌਂਪਿਆ ਜਾਂਦਾ ਸੀ।
NIA ਇਸ ਮਾਮਲੇ ‘ਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਦਕਿ ਜਗਬੀਰ ਸਿੰਘ ਰੋਡੇ ਫਰਾਰ ਦੱਸਿਆ ਜਾ ਰਿਹਾ ਹੈ। ਏਜੰਸੀ ਮੁਤਾਬਕ ਇਹ ਵਿਅਕਤੀ ਪਾਕਿਸਤਾਨ ‘ਚ ਬੈਠ ਕੇ ਲਗਾਤਾਰ ਪੰਜਾਬ ‘ਚ ਅੱਤਵਾਦ ਨੂੰ ਹਵਾ ਦਿੰਦਾ ਹੈ ਅਤੇ ਅੱਤਵਾਦ ਦੀ ਲਗਾਤਾਰ ਯੋਜਨਾ ਬਣਾਉਂਦਾ ਰਹਿੰਦਾ ਹੈ। ਇਸ ਦੇ ਨਾਲ ਹੀ ਆਪਣੇ ਸੰਪਰਕਾਂ ਰਾਹੀਂ ਨਵੇਂ ਲੋਕਾਂ ਨੂੰ ਭਰਤੀ ਕਰਨ ਦਾ ਕੰਮ ਵੀ ਕਰਦਾ ਹੈ, ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।