ਮਾਨਸਾ, 05 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਮੁਫ਼ਤ ਸਾਲਾਨਾ ਹੈਲਥ ਚੈਕਅੱਪ ਪ੍ਰੋਗਰਾਮ (ਐਫ.ਏ.ਪੀ.ਐਚ.ਸੀ) ਤਹਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਮਾਨਸਾ ਵਿਖੇ ਅਗਲੇ ਹਫ਼ਤੇ ਵਿਸ਼ੇਸ ਕੈਂਪ ਲਗਾਕੇ 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਦਾ ਚੈਕਅੱਪ ਕੀਤਾ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਥਾਨਕ ਬੱਚਤ ਭਵਨ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਅਤੇ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਜ਼ਿਲਾ ਵਾਸੀਆਂ ਨੂੰ ਭਵਿੱਖ ਅੰਦਰ ਕੋਵਿਡ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਲਈ ਵੈਕਸ਼ੀਨੇਸ਼ਨ ਮੁਹਿੰਮ ਅੰਦਰ ਤੇਜ਼ੀ ਲਿਆਉਣ ਲਈ ਕਿਹਾ। ਉਨਾਂ ਕਿਹਾ ਕਿ ਡੇਂਗੂ, ਮਲੇਰੀਆਂ, ਚਿਕਨਗੁਨੀਆਂ ਦੇ ਬਚਾਓ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਜ਼ਿਲੇ ਅੰਦਰ ਡੇਂਗੂ ਨਾਲ ਕੋਈ ਵਿਅਕਤੀ ਪੀੜਤ ਨਾ ਹੋਵੇ, ਇਸਦੇ ਲਈ ਸਿਹਤ ਵਿਭਾਗ ਨੂੰ ਹੋਰ ਵਧੇਰੇ ਠੋਸ ਉਪਰਾਲੇ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ। ਸ੍ਰੀ ਜਸਪ੍ਰੀਤ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਜਨਨੀ ਸ਼ਿਸ਼ੂ ਸੁਰੱਕਸ਼ਾ ਕਾਰਿਆਕਰਮ, ਆਰ.ਬੀ.ਐਸ.ਕੇ., ਮੁੱਖ ਮੰਤਰੀ ਕੈਂਸਰ ਰੀਲੀਫ਼ ਫੰਡ, ਨੈਸ਼ਨਲ ਵਾਇਰਲ ਹੈਪੇਟਾਈਟਸ ਕੰਨਰੋਲ ਪ੍ਰੋਗਰਾਮ, ਐਨ.ਟੀ.ਈ.ਪੀ., ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ, ਨੈਸ਼ਨਲ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ, ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਈਂਡਨੈਸ, ਜਨਨੀ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਅਤੇ ਮੈਟਰਨਲ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਇਜ਼ਾ ਲਿਆ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਰੇਕ ਯੋਗ ਅਤੇ ਲੋੜਵੰਦ ਵਿਅਕਤੀ ਨੂੰ ਸਿਹਤ ਵਿਭਾਗ ਦੀਆਂ ਯੋਜਨਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਜੈ ਅਰੋੜਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਉਪਕਾਰ ਸਿੰਘ, ਐਸ.ਡੀ.ਐਮ. ਮਨੀਸ਼ਾ ਰਾਣਾ, ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।