
ਬਰਨਾਲਾ 13,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 17 ਦਿਨਾਂ ਤੋਂ ਦਿੱਲੀ ਸਰਹੱਦ ‘ਤੇ ਅੰਦੋਲਨ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਦਾ ਵਿਦੇਸ਼ਾਂ ਤੋਂ ਲੋਕ ਸਮਰਥਨ ਕਰ ਰਹੇ ਹਨ। ਉੱਥੇ ਹੀ ਪੰਜਾਬ ਦੇ ਰਿਟਾਇਰਡ ਜਵਾਨਾਂ ਵੱਲੋਂ ਵੀ ਇਸ ਸੰਘਰਸ਼ ਨੂੰ ਭਰਪੂਰ ਸਮਰਥਨ ਮਿਲਦਾ ਦਿੱਖ ਰਿਹਾ ਹੈ।
ਬਰਨਾਲਾ ਵਿੱਚ ਵੀ ਮਿਲਟਰੀ ਵਿੰਗ ਦੇ ਪੰਜਾਬ ਮੁਖੀ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ‘ਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਸੇਵਾ ਮੁਕਤ ਸਿਪਾਹੀਆਂ ਨੇ ਆਪਣਾ ਕਾਫਲਾ ਦਿੱਲੀ ਵੱਲ ਭੇਜਿਆ। ਬਰਨਾਲਾ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚ ਦੇਸ਼ ਦੇ ਸੇਵਾ ਮੁਕਤ ਸਿਪਾਹੀਆਂ ਨੇ ਅਰਦਾਸ ਉਪਰੰਤ ਜੈ ਕਿਸਾਨ ਜੈ ਜਵਾਨ ਦੇ ਨਾਅਰੇ ਲਗਾਏ ਤੇ ਕਿਹਾ ਕਿ ਉਹ ਖੇਤੀਬਾੜੀ ਕਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਹਨ।
ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਉਨ੍ਹਾਂ ਦੇ ਸੰਘਰਸ਼ ਦਾ ਹਿੱਸਾ ਬਣਨ ਲਈ ਟਿਕਰੀ ਬਾਰਡਰ ‘ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਪੰਜਾਬ ਦੇ 3 ਲੱਖ 25 ਹਜ਼ਾਰ ਫੌਜੀ ਪਰਿਵਾਰਾਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇਗਾ ਤੇ ਉਹ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ‘ਚ ਫੈਸਲਾ ਲੈਣ ਤੱਕ ਮੋਰਚੇ ‘ਤੇ ਬੈਠਣਗੇ।
