ਮਾਨਸਾ,19 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਪਿਛਲੇ ਦਿਨੀਂ ਜਲੰਧਰ ਵਿਖੇ ਬੇਰੁਜ਼ਗਾਰਾਂ ਨਾਲ ਮਿਲਣੀਫ ਮੌਕੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਵੱਲੋ ਜਲਦੀ ਪੈਨਲ ਮੀਟਿੰਗ ਕਰਕੇ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ ਲਾਰਾ ਬਣ ਚੁੱਕਾ ਹੈ। ਕਿਉਂਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨਾਲ ਮਿਲਣੀ ਕਰਨ ਦਾ ਅਜੇ ਤੀਕ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਕੀਤਾ।ਇਸਦੇ ਰੋਸ ਵਜੋਂ ਬੇਰੁਜ਼ਗਾਰ ਸਾਂਝੇ ਮੋਰਚੇ ਨੇ 28 ਜੁਲਾਈ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ। ਇਸੇ ਦੀਆਂ ਤਿਆਰੀਆਂ ਵਜੋਂ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਭਰਵੀਂ ਮੀਟਿੰਗ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਵਿਸ਼ੇਸ਼ ਭਰਤੀ ਕਰਨ,ਭਰਤੀ ਕੈਲੰਡਰ ਲਾਗੂ ਕਰਨ,ਮਾਸਟਰ ਕੇਡਰ ਦੀਆਂ ਪੋਸਟਾਂ ਜਾਰੀ ਕਰਨ,ਬੇਰੁਜ਼ਗਾਰਾਂ ਉੱਪਰ ਗ੍ਰੈਜੂਏਸ਼ਨ ਵਿੱਚੋ 55 ਪ੍ਰਤੀਸ਼ਤ ਅੰਕ ਹੋਣ ਦੀ ਥੋਪੀ ਬੇਤੁਕੀ ਸ਼ਰਤ ਰੱਦ ਕਰਨ,ਉਮਰ ਹੱਦ ਛੋਟ ਦੇਣ, ਲੈਕਚਰਾਰ ਭਰਤੀ ਕਰਨ,ਆਰਟ ਐਂਡ ਕਰਾਫਟ ਦੀ ਭਰਤੀ ਕਰਨ ਅਤੇ 250 ਜਾਰੀ ਪੋਸਟਾਂ ਦਾ ਲਿਖਤੀ ਪੇਪਰ ਲੈਣ ਅਤੇ ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਪ੍ਰਵਾਨਿਤ 276 ਪੋਸਟਾਂ ਉਮਰ ਹੱਦ ਛੋਟ ਦੇ ਕੇ ਭਰਨ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਚੁੱਕੀ ਹੈ। ਕਰੀਬ 27 ਮਹੀਨੇ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਅੰਦਰ ਇਕ “ਸਿੰਗਲ ਪੋਸਟ” ਵੀ ਨਹੀਂ ਭਰੀ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕਿਤੇ ਜਿਆਦਾ ਅਸਫਲ ਸਾਬਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਅਤੇ ਸਿਹਤ ਕੇਂਦਰਾਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਪੰਜਾਬ ਸਰਕਾਰ ਭਰਤੀ ਕਰਨ ਦੀ ਬਜਾਏ ਪੋਸਟਾਂ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ। ਉਹਨਾਂ ਕਿਹਾ ਕਿ ਰੈਸ਼ਨੇਲਾਈਜੇਸ਼ਨ ਨੀਤੀ ਤਹਿਤ ਅਸਾਮੀਆਂ ਖਤਮ ਕਰਨ ਦੇ ਮਾੜੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਉਹਨਾਂ ਬੇਰੁਜ਼ਗਾਰਾਂ ਨੂੰ ਅਪੀਲ ਕੀਤੀ ਕਿ 28 ਜੁਲਾਈ ਨੂੰ ਵੱਡੀ ਗਿਣਤੀ ਸਮੇਤ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਪਹੁੰਚਣ। ਇਸ ਮੌਕੇ ਮੋਰਚੇ ਦੇ ਆਗੂ ਅਮਨਦੀਪ ਸੇਖਾ, ਹਰਜਿੰਦਰ ਸਿੰਘ ਝੁਨੀਰ, ਸੰਦੀਪ ਸਿੰਘ ਮੋਫ਼ਰ,ਅਨੀਤਾ ਰਾਣੀ ਤੋ ਇਲਾਵਾ ਸੁਖਵਿੰਦਰ ਕੌਰ ਬਰਨਾਲਾ, ਸੋਨੂੰ ਰਾਣੀ ਮਾਨਸਾ, ਰਾਜਿੰਦਰ ਕੌਰ ਮਾਨਸਾ, ਗੁਰਦੀਪ ਸਿੰਘ ਮੰਦਰਾਂ, ਹਰਦੀਪ ਕੌਰ, ਪਰਮਪਾਲ ਕੌਰ, ਵੀਰਪਾਲ ਕੌਰ, ਗੁਰਪ੍ਰੀਤ ਕੌਰ,ਬੱਬੀ ਸਿੰਘ, ਮੋਨਿਕਾ ਮਾਨਸਾ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਵਰਨਣਯੋਗ ਹੈ ਕਿ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਦੇ ਰੁਜ਼ਗਾਰ ਲਈ ਪੰਜ ਬੇਰੁਜ਼ਗਾਰ ਜਥੇਬੰਦੀਆਂ (ਬੀ ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਆਰਟ ਐਂਡ ਕਰਾਫਟ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਓਵਰਏਜ਼ ਅਧਿਆਪਕ ਯੂਨੀਅਨ, ਬੀ ਐੱਡ ਟੈੱਟ ਪਾਸ ਮੈਥ/ਸਾਇੰਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਅਤੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ) ਉੱਤੇ ਆਧਾਰਤ ਮੋਰਚਾ ਪਿਛਲੇ ਸਮੇਂ ਤੋਂ ਯਤਨਸ਼ੀਲ਼ ਹੈ।
ਮੰਗਾਂ :-
1. ਉਮਰ ਹੱਦ ਛੋਟ ਦੇ ਕੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇ।
2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਪ੍ਰਤੀਸ਼ਤ ਰੱਦ ਕੀਤੀ ਜਾਵੇ।
3. ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
4. ਪ੍ਰਾਇਮਰੀ ਕੇਡਰ ਵਿੱਚ ਡਰਾਇੰਗ ਟੀਚਰਾਂ ਦੀਆਂ 2000 ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕੀਤੀ ਜਾਵੇ।
5. ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇ।ਉਮਰ ਹੱਦ ਛੋਟ ਦਿੱਤੀ ਜਾਵੇ।
6. ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ , ਕੰਬੀਨੇਸ਼ਨ ਦਰੁਸਤ ਕਰਕੇ ਮੁੜ ਤੋ ਜਾਰੀ ਕੀਤੀ ਜਾਵੇ ਅਤੇ ਓਵਰ ਏਜ਼ ਹੋ ਚੁੱਕੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ।