
ਚੰਡੀਗੜ੍ਹ/ਐਸ.ਏ.ਐਸ.ਨਗਰ, 29 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):ਆਬਕਾਰੀ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਮੋਹਾਲੀ ਦੀ ਸਾਂਝੀ ਕਾਰਵਾਈ ਦੌਰਾਨ ਜ਼ਿਲ੍ਹਾ ਮੁਹਾਲੀ ਵਿੱਚੋਂ ਈ.ਐਨ.ਏ (ਐਕਸਟਰਾ ਨਿਊਟਰਲ ਅਲਕੋਹਲ) ਦੀ ਸੂਬੇ ਵਿੱਚ ਤਸਕਰੀ ਕਰਨ ਵਾਲੇ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਹ ਜਾਣਕਾਰੀ ਦਿੰਦੀਆਂ ਜਾਇੰਟ ਐਕਸਾਈਜ ਕਮਿਸ਼ਨਰ, ਪੰਜਾਬ ਸ੍ਰੀ ਨਰੇਸ਼ ਦੂਬੇ ਨੇ ਦੱਸਿਆ ਕਿ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵੱਲੋਂ ਪੰਜਾਬ ਵਿੱਚ ਈ.ਐਨ.ਏ ਅਤੇ ਨਜਾਇਜ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਆਬਕਾਰੀ ਡਿਊਟੀਆਂ ਅਤੇ ਕਰ ਤੋਂ ਬਚਦੇ ਹੋਏ ਈ.ਐਨ.ਏ. ਦੀ ਤਸਕਰੀ ਕਰ ਰਹੇ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਐਕਸਾਈਜ਼ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ, ਮੁਹਾਲੀ ਆਬਕਾਰੀ ਅਤੇ ਜ਼ਿਲ੍ਹਾ ਪੁਲਿਸ ਮੁਹਾਲੀ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਟੀਮਾਂ ਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ 24 ਘੰਟੇ ਨਾਕਾਬੰਦੀ ਅਤੇ ਗਸ਼ਤ ਲਈ ਤਾਇਨਾਤ ਕੀਤਾ ਗਿਆ।ਸ੍ਰੀ ਦੂਬੇ ਨੇ ਅੱਗੇ ਦੱਸਿਆ ਕਿ 28/29 ਦਸੰਬਰ, 2021 ਦੀ ਦਰਮਿਆਨੀ ਰਾਤ ਨੂੰ ਪੰਜਾਬ ਹਰਿਆਣਾ ਅੰਤਰਰਾਜੀ ਸਰਹੱਦ ਨੇੜੇ ਲਾਲੜੂ ਵਿਖੇ ਤਾਇਨਾਤ ਮੋਹਾਲੀ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਇੱਕ ਟੈਂਕਰ ਨੰਬਰ ਕੇ.ਏ.02 ਏ.ਬੀ. 9232 ਨੂੰ ਰੋਕਿਆ ਜੋ 25000 ਲੀਟਰ ਈ.ਐਨ.ਏ. ਲੈ ਕੇ ਜਾ ਰਿਹਾ ਸੀ। ਡਰਾਈਵਰ ਅਤੇ ਉਸਦੇ ਸਾਥੀ ਨੇ ਇਸ ਖੇਪ ਸਬੰਧੀ ਕੁਝ ਦਸਤਾਵੇਜ਼ ਪੇਸ਼ ਕੀਤੇ। ਇਹਨਾਂ ਦਸਤਾਵੇਜ਼ਾਂ ਦੀ ਤਸਦੀਕ ਲਈ ਤੁਰੰਤ ਪਰਮਿਟ ਅਤੇ ਖੇਪ ਦੇ ਪਾਸ ਜਾਰੀ ਕਰਨ ਵਾਲੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। ਇਹ ਪਾਇਆ ਗਿਆ ਕਿ ਇਹ ਦਸਤਾਵੇਜ਼ ਜਾਅਲੀ ਹਨ ਅਤੇ ਇਹ ਅਧਿਕਾਰੀਆਂ ਨੂੰ ਧੋਖਾ ਦੇਣ ਲਈ ਬਣਾਏ ਗਏ ਸਨ। ਇਹ ਗੈਰ-ਕਾਨੂੰਨੀ ਖੇਪ ਚੰਡੀਗੜ੍ਹ ਦੇ ਇੱਕ ਜਾਣੇ-ਪਛਾਣੇ ਬੋਟਲਿੰਗ ਪਲਾਂਟ ਨੂੰ ਸਪਲਾਈ ਕੀਤੀ ਜਾਣੀ ਸੀ, ਜਿਸ ਦੀ ਸ਼ਰਾਬ ਦੇ ਬ੍ਰਾਂਡਾਂ ਨੂੰ ਪੰਜਾਬ ਵਿੱਚ ਭਾਰੀ ਮਾਤਰਾ ਵਿੱਚ ਜ਼ਬਤ ਕੀਤਾ ਗਿਆ ਹੈ। ਡਰਾਈਵਰ ਦੇ ਬਿਆਨ ਅਨੁਸਾਰ, ਇਹ ਖੇਪ ਭਾਵ ਈ.ਐਨ.ਏ ਛੱਤੀਸਗੜ੍ਹ ਤੋਂ ਲੋਡ ਕੀਤੀ ਗਈ ਹੈ। ਸਰੋਤ ਬਾਰੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਾਇੰਟ ਐਕਸਾਈਜ ਕਮਿਸ਼ਨਰ ਸ੍ਰੀ ਨਰੇਸ਼ ਦੂਬੇ ਨੇ ਦੱਸਿਆ ਕਿ 25000 ਲੀਟਰ ਈ.ਐਨ.ਏ. ਦੀ ਇਸ ਖੇਪ ਨਾਲ ਲਗਭਗ ਦੇਸੀ ਸ਼ਰਾਬ 1,10,000 ਬੋਤਲਾਂ ਬਣ ਸਕਦੀਆਂ ਹਨ। ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ ਨੰ. 253 ਮਿਤੀ 29-12-21 ਨੂੰ ਧਾਰਾ 61-1-14,78(2), 420, 120ਬੀ ਤਹਿਤ ਥਾਣਾ ਲਾਲੜੂ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।ਆਬਕਾਰੀ ਕਮਿਸ਼ਨਰ, ਪੰਜਾਬ ਸ੍ਰੀ ਰਜਤ ਅਗਰਵਾਲ, ਆਈ.ਏ.ਐਸ. ਨੇ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੌਕਸੀ ਵਧਾ ਦਿੱਤੀ ਹੈ। ਅੰਤਰਰਾਜੀ ਸਰਹੱਦਾਂ ਅਤੇ ਤਸਕਰੀ ਵਾਲੇ ਖੇਤਰਾਂ ‘ਤੇ ਵਿਸ਼ੇਸ਼ ਗਸ਼ਤ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਗਈ ਹੈ ਅਤੇ ਇਸ ਸਬੰਧੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੁੱਖ ਸਪਲਾਇਰਾਂ ਅਤੇ ਈ.ਐਨ.ਏ ਦੇ ਪ੍ਰਾਪਤਕਰਤਾ ਦਾ ਖੁਲਾਸਾ ਕਰਨ ਲਈ ਸੰਪਰਕਾਂ ਦੀ ਪੂਰੀ ਲੜੀ ਦੀ ਤੇਜ਼ੀ ਨਾਲ ਪੈਰਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਆਪਸੀ ਤਾਲਮੇਲ ਨਾਲ ਕੰਮ ਕਰ ਰਹੇ ਹਨ ਅਤੇ ਸ਼ਰਾਬ ਦੀ ਤਸਕਰੀ ਜਾਂ ਗੈਰ-ਕਾਨੂੰਨੀ ਵਿਕਰੀ ਅਤੇ ਵੰਡ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਆਪ੍ਰੇਸ਼ਨ ਰੈੱਡ ਰੋਜ਼ ਤਹਿਤ 17.5.2020 ਤੋਂ 11.12.2021 ਤੱਕ 19784 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ 19689 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 332693 ਲੀਟਰ ਨਜਾਇਜ਼ ਸ਼ਰਾਬ, 868517 ਲੀਟਰ ਨਜਾਇਜ਼ ਸ਼ਰਾਬ, 2170883 ਕਿਲੋਗ੍ਰਾਮ ਲਾਹਣ ਜਬਤ ਕੀਤਾ ਗਿਆ ਅਤੇ 900 ਚਾਲੂ ਭੱਠੀਆਂ ਦਾ ਪਤਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਵੱਲੋਂ ਜਾਗਰੂਕ ਨਾਗਰਿਕਾਂ ਤੋਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਟੋਲ ਫਰੀ ਨੰ. +91 98759 61126 ਪਹਿਲਾਂ ਹੀ ਕਾਰਜਸ਼ੀਲ ਕੀਤਾ ਜਾ ਚੁੱਕਾ ਹੈ। ਵਿਭਾਗ ਸੂਬੇ ਵਿੱਚੋਂ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਖਤਮ ਕਰਨ ਲਈ ਨਾਗਰਿਕਾਂ ਦੇ ਸਹਿਯੋਗ ਦੀ ਆਸ ਤੇ ਮੰਗ ਕਰਦਾ ਹੈ।————–
