ਲੰਬੀ 18 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ) : ਖੇਤੀ ਬਿੱਲ ਲੋਕ ਸਭਾ ‘ਚ ਪਾਸ ਹੋ ਗਿਆ ਹੈ ਤੇ ਇਸ ਬਿੱਲ ਨੂੰ ਲੈ ਕੇ ਕਿਸਾਨਾਂ ਦਾ ਰੋਹ ਲਗਾਤਾਰ ਜਾਰੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨ ਜਥੇਬੰਦੀਆਂ ਨੇ ਆਪਣੇ ਧਰਨੇ ਦੌਰਾਨ ਹੀ ਐਲਾਨ ਕੀਤਾ ਕਿ ਪਹਿਲਾਂ ਧਰਨਾ ਛੇ ਦਿਨਾਂ ਲਈ ਸੀ ਜੋ 20 ਸਤੰਬਰ ਨੂੰ ਸਮਾਪਤ ਹੋਣਾ ਸੀ। ਹੁਣ ਫ਼ੈਸਲਾ ਲਿਆ ਹੈ ਕਿ ਪਿੰਡ ਬਾਦਲ ਵਿਖੇ 25 ਸਤੰਬਰ ਤੱਕ ਇਹ ਧਰਨਾ ਜਾਰੀ ਰਹੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਿੰਡ ਬਾਦਲ ਵਿਖੇ ਚੱਲ ਰਹੇ ਧਰਨੇ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਹੀ ਪਟਿਆਲਾ ਵਿਖੇ ਵੀ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਧਰਨਾ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਨੇ ਆਪਣੀ ਜਥੇਬੰਦੀ ਨੂੰ ਦੋ ਯੂਨਿਟਾਂ ਵਿੱਚ ਵੰਡ ਕੇ ਪ੍ਰਦਰਸ਼ਨ ਜਾਰੀ ਰੱਖੇ ਹੋਏ ਹਨ। ਇਸ ਵਿੱਚ ਅੱਧੇ ਕਾਰਕੁਨ ਪਿੰਡ ਬਾਦਲ ਵਿਖੇ ਪਹੁੰਚ ਰਹੇ ਹਨ ਤੇ ਬਾਕੀ ਕਾਰਕੁਨ ਪਟਿਆਲਾ ਵਿਖੇ ਰਵਾਨਾ ਕੀਤੇ ਜਾ ਰਹੇ ਹਨ। ਪਿੰਡ ਬਾਦਲ ਵਿਖੇ ਜਾਰੀ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਔਰਤਾਂ ਬਜ਼ੁਰਗ ਤੇ ਨੌਜਵਾਨ ਧਰਨੇ ਵਿੱਚ ਸ਼ਿਰਕਤ ਕਰ ਰਹੇ ਹਨ।
ਕਿਸਾਨ ਯੂਨੀਅਨਾਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੀ ਹੈ ਤਾਂ ਹਰਸਿਮਰਤ ਬਾਦਲ ਦੇ ਅਸਤੀਫੇ ਨਾਲ ਕੁਝ ਨਹੀਂ ਹੋਣਾ। ਉਨ੍ਹਾਂ ਨੂੰ ਕੇਂਦਰ ਤੇ ਦਬਾਅ ਪਾ ਕੇ ਤਿੰਨੇ ਬਿੱਲ ਵਾਪਸ ਕਰਵਾਉਣ ਹੋਣਗੇ ਨਹੀਂ ਤਾਂ ਉਹ ਆਪਣਾ ਭਾਜਪਾ ਨਾਲ ਗੱਠਜੋੜ ਤੋੜ ਦੇਵੇ।