ਮਾਨਸਾ, 14 ਜੂਨ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਲੋਕ ਸਭਾ ਦੀਆਂ ਵੋਟਾਂ ਪੈਣ ਤੋਂ ਬਾਦ ਮਾਨਸਾ ਸ਼ਹਿਰ ਨੇ ਇੱਕ ਵਾਰ ਫਿਰ ਨਰਕ ਦਾ ਰੂਪ ਧਾਰ ਲਿਆ ਹੈ। ਸੀਵਰੇਜ਼ ਦੀ ਸਮੱਸਿਆ ਦੇ ਹੱਲ ਕਰਨ ਨੂੰ ਲੈਕੇ ਲੱਗੇ ਧਰਨੇ ਨੂੰ ਭਾਵੇਂ ਲੋਕਾਂ ਨੇ ਮੁੱਖ ਮੰਤਰੀ ਤੋਂ ਮਿਲੇ ਪੱਕੇ ਹੱਲ ਦੇ ਭਰੋਸੇ ‘ਤੇ ਸਮਾਪਤ ਕਰ ਦਿੱਤਾ ਸੀ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਤੇ ਭਰੋਸਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਨੂੰ ਸ਼ਹਿਰ ਚੋਂ ਚੰਗੀ ਲੀਡ ਦਿਵਾਈ ਪਰ ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਨਸਾ ਵਾਸੀਆਂ ਨੂੰ ਸੀਵਰੇਜ਼ ਦੀ ਸਮੱਸਿਆ ਦਾ ਕੋਈ ਹੱਲ ਕੀਤਾ। ਸਗੋਂ ਲੋਕ ਸਭਾ ਦੀਆਂ ਚੋਣ ਪੈਣ ਤੋਂ ਵਾਧ ਸੁਪਰ ਸਕਰ ਮਸ਼ੀਨਾ ਵੀ ਜਿਸ ਤਰਾਂ ਰਾਜਨੀਤਕ ਲੋਕ ਆਮ ਲੋਕਾਂ ਵਿੱਚੋ ਗਾਇਬ ਉਸੇ ਤਰਾ ਗਾਇਬ ਹੋ ਗਈਆਂ ਹਨ। ਮਾਨਸਾ ਦੇ ਵਸਨੀਕ ਅਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ
ਉਕਤ ਸਾਂਝਾ ਬਿਆਨ ਪ੍ਰੈਸ ਦੇ ਨਾਮ ਜਾਰੀ ਕਰਦਿਆਂ ਸੰਵਿਧਾਨ ਬਚਾਓ ਮੰਚ ਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ, ਆਗੂਆਂ ਐਡਵੋਕੇਟ ਬਲਕਰਨ ਸਿੰਘ ਬੱਲੀ, ਸੀ.ਪੀ.ਆਈ. ਦੇ ਜਿਲਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਲੋਕਾਂ ਤੋਂ ਵੋਟਾਂ ਲੈਣ ਲਈ ਮੁੱਖ ਮੰਤਰੀ ਪੰਜਾਬ ਨੇ ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ ਮਾਨਸਾ ਬੱਸ ਸਟੈਂਡ ਚੌਂਕ ਵਿਚ ਧਰਨਾ ਲਗਾਉਣ ਵਾਲੇ ਆਗੂਆਂ ਨਾਲ ਸ਼ਹਿਰ ਇੱਕ ਹੋਟਲ ਵਿੱਚ ਮੀਟਿੰਗ ਕਰਕੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ । ਜਿਸ ਤੇ ਫੌਰੀ ਤੌਰ ਤੇ ਕੰਮ ਕਰਦਿਆਂ ਸ਼ਹਿਰ ਲਈ ਸੁਪਰ ਸਕਰ ਮਸ਼ੀਨਾਂ ਮੰਗਵਾਕੇ ਸੀਵਰੇਜ਼ ਦੀ ਸਫ਼ਾਈ ਦਾ ਕੰਮ ਕਰਵਾਉਣਾ ਸ਼ੁਰੂ ਕਰਵਾ ਦਿੱਤਾ ਸੀ। ਜਿਸ ਕਾਰਨ ਮਾਨਸਾ ਸ਼ਹਿਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਾਨਸਾ ਸ਼ਹਿਰ ਵਿੱਚੋਂ ਵੱਡੀ ਲੀਡ ਦਿਵਾਈ । ਚੋਣਾਂ ਖਤਮ ਹੋਣ ਦੇ ਤੁਰੰਤ ਬਾਦ ਹੀ ਸ਼ਹਿਰ ਦੀ ਸਫ਼ਾਈ ਲਈ ਆਈਆਂ ਸੁਪਰ ਸਕਰ ਮਸ਼ੀਨਾਂ ਵੀ ਗ਼ਾਇਬ ਹੋ ਗਈਆਂ ਹਨ ਅਤੇ ਸੀਵਰੇਜ਼ ਦਾ ਪਾਣੀ ਪਹਿਲਾਂ ਵਾਂਗ ਹੀ ਗਲੀਆਂ ਵਿਚ ਓਵਰਫਲੋ ਹੋਣ ਲੱਗ ਪਿਆ ਹੈ। ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਕਚਿਹਰੀ ਰੋਡ ਦੀ ਹਰ ਗਲੀ ਵਿੱਚ ਸੀਵਰੇਜ਼ ਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਖੜਾ ਹੈ ਅਤੇ ਸ਼ਹਿਰ ਅੰਦਰ ਬਿਮਾਰੀਆਂ ਫੈਲਣ ਦਾ ਡਰ ਬਣਿਆਂ ਹੋਇਆ ਹੈ। ਆਗੂਆਂ ਨੇ ਕਿਹਾ ਕਿ ਕਹਿਰ ਦੀ ਗਰਮੀ ਵਿੱਚ ਜਦ ਕਿਸਾਨ ਸੀਵਰੇਜ਼ ਦਾ ਪਾਣੀ ਆਪਣੇ ਖੇਤਾਂ ਲਈ ਵਰਤ ਰਹੇ ਹਨ ਤਾਂ ਵੀ ਸ਼ਹਿਰ ਦੇ ਸੀਵਰੇਜ਼ ਦਾ ਬੁਰਾ ਹਾਲ ਹੈ। ਜਦ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣ ਲੱਗ ਗਿਆ ਅਤੇ ਬਾਰਸ਼ਾਂ ਪੈ ਗਈਆਂ ਤਾਂ ਸ਼ਹਿਰ ਦਾ ਹੋਰ ਵੀ ਬੁਰਾ ਹਾਲ ਹੋਵੇਗਾ। ਉਹਨਾਂ ਕਿਹਾ ਕਿ ਮਾਨਸਾ ਹਲਕੇ ਨੇ ਲਗਤਾਰ ਤਿੰਨ ਵਾਰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜਿਤਾਕੇ ਭੇਜਿਆ ਪਰ ਇਸ ਦੇ ਬਾਵਜੂਦ ਵੀ ਮਾਨਸਾ ਦੇ ਲੋਕਾਂ ਦੀ ਬਾਂਹ ਫੜਨ ਵਾਲਾ ਕੋਈ ਆਗੂ ਨਹੀਂ ਜੋ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਕਰ ਸਕੇ। ਮਾਨਸਾ ਦੇ ਲੋਕਾਂ ਨੇ ਵਾਰ ਵਾਰ ਆਮ ਆਦਮੀ ਪਾਰਟੀ ਤੇ ਭਰੋਸਾ ਕੀਤਾ ਪਰ ਹਰ ਵਾਰ ਲੋਕਾਂ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਅਤੇ ਆਮ ਆਦਮੀ ਪਾਰਟੀ ਨੇ ਹਰ ਵਾਰ ਲੋਕਾਂ ਦਾ ਭਰੋਸਾ ਤੋੜਿਆ। ਉਹਨਾਂ ਕਿਹਾ ਕਿ ਜੇਕਰ ਸ਼ਹਿਰ ਦੀ ਇਸ ਮੁੱਖ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਲੋਕ ਇਕੱਠੇ ਹੋਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਜਿਲਾ ਪ੍ਰਸ਼ਾਸਨ ਦੇ ਖਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਗਏ। ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਸ਼ਹਿਰ ਲਈ ਸੁਪਰ ਸਕਰ ਮਸ਼ੀਨਾਂ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਸ਼ਹਿਰ ਦੀ ਸਫ਼ਾਈ ਲਈ ਠੇਕਾ ਲੈਣ ਵਾਲੀ ਕੰਪਨੀ ਖਿਲਾਫ ਸਹੀ ਕੰਮ ਨਾ ਕਰਨ ਕਾਰਨ ਸਖਤ ਐਕਸ਼ਨ ਲਿਆ ਜਾਵੇ। ਉਹਨਾਂ ਕਿਹਾ ਕੇ ਥਰਮਲ ਪਲਾਂਟ ਬਣਾਂਵਾਲੀ ਪਾਣੀ ਭੇਜਣਾ ਇਕੋ ਇੱਕ ਹੱਲ ਹੈ । ਥਰਮਲ ਪਲਾਂਟ ਨੂੰ ਸਰਕਾਰ ਪਾਣੀ ਭੇਜਣ ਲਈ ਜਲਦ ਸਖਤ ਕਾਰਵਾਈ ਕਰੇ । ਜਿਸ ਅਧੀਨ ਤੁਰੰਤ ਨਹਿਰੀ ਪਾਣੀ ਥਰਮਲ ਪਲਾਂਟ ਨੂੰ ਦੇਣਾ ਬੰਦ ਕਰੇ । ਜੇਕਰ ਏਹ ਪਾਣੀ ਦੇਣਾ ਬੰਦ ਨਾ ਕੀਤਾ ਤਾਂ ਜਲਦੀ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਅਤੇ ਮਾਨਸਾ ਜ਼ਿਲ੍ਹੇ ਦੀਆ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਤਾਲ ਮੇਲ ਕਰ ਕੇ ਬਣਾਂਵਾਲੀ ਥਰਮਲ ਪਲਾਂਟ ਨੂੰ ਜੋ ਨਹਿਰੀ ਪਾਣੀ ਦੀ ਸਪਲਾਈ ਦਲੀਏਵਾਲੀ ਪਿੰਡ ਸੂਏ ਵਿੱਚੌ ਦਿੱਤੀ ਹੋਈ ਹੈ ਨੂੰ ਬੰਦ ਕਰਨ ਲਈ ਮਜਬੂਰ ਹੋਣ ਗਏ। ਏਸ ਸੰਬੰਧੀ 25 ਜੂਨ ਨੂੰ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਮੀਟਿੰਗ ਕਰ ਕੇ ਸੰਘਰਸ਼ ਦੀ ਰੂਪ ਰੇਖਾ ਬਣਾਈ ਜਾਵੇਗੀ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵੀ ਚਿਤਾਵਨੀ ਦਿੱਤੀ ਕੇ ਸੀਵਰੇਜ ਦੇ ਸਾਫ ਕੀਤੇ ਪਾਣੀ ਨੂੰ ਥਰਮਲ ਪਲਾਂਟ ਵਲੋ ਅਪਣੇ ਖੁਦ ਦੇ ਖ਼ਰਚੇ ਤੇ ਲੈ ਕੇ ਜਾਣਾ ਕਾਨੂੰਨੀ ਤੌਰ ਤੇ ਜਰੂਰੀ ਹੈ। ਪਰ ਕੁਝ ਪ੍ਰਸ਼ਾਸਨਿਕ ਅਧਿਕਾਰੀ ਪੰਜਾਬ ਸਰਕਾਰ ਕੋਲ ਗੱਲਤ ਤੱਥ ਪੇਸ਼ ਕਰ ਏਹ ਪਾਣੀ ਨੂੰ ਥਰਮਲ ਪਲਾਂਟ ਵਿੱਚ ਖੁੱਦ ਪੰਜਾਬ ਸਰਕਾਰ ਤੋਂ ਸਰਕਾਰੀ ਖ਼ਰਚੇ ਉਪਰ ਭੇਜਣ ਦੀਆ ਕੋਸ਼ਿਸ਼ਾਂ ਥਰਮਲ ਪਲਾਂਟ ਦੇ ਕਾਰਪੋਰੇਟ ਘਰਾਣਿਆ ਨੂੰ ਨਿੱਜੀ ਫਾਇਦਾ ਪਹੁੰਚਾਉਣ ਦਾ ਯਤਨ ਕਰ ਰਹੇ ਹਨ । ਜੇਕਰ ਏਸ ਤਰਾਂ ਦੀ ਕੋਈ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਸ਼ੀ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਏਸ ਨੁਕਸਾਨ ਦੀ ਭਰਪਾਈ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ ਗਿਆ।