
ਚੰਡੀਗੜ, 19,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਸੂਬੇ ਦੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਜੋ ਕਿ 22 ਫਰਵਰੀ, 2021 ਤੋਂ ਲਾਗੂ ਹੋਵੇਗਾ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਸੋਮਵਾਰ ਤੋਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹੋਵੇਗਾ ਜਦਕਿ ਮਿਡਲ / ਹਾਈ / ਸੀਨੀਅਰ ਸੈਕੰਡਰੀ ਸਕੂਲ ਸਵੇਰੇ 9 ਵਜੇ -3: 20 ਵਜੇ ਤੱਕ ਖੁੱਲਣਗੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਪਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੁੜ ਸਕੂਲ ਖੋਲਣ ਦੇ ਫੈਸਲੇ ਦਾ ਦਿ੍ਰੜਤਾ ਨਾਲ ਸਮਰਥਨ ਕੀਤਾ ਕਿਉਂ ਜੋ ਉਹਨਾਂ ਦੀ ਸਰਕਾਰ ਨੇ ਮਹਾਂਮਾਰੀ ਦੌਰਾਨ ਸੁਰੱਖਿਆ ਉਪਾਵਾਂ ਦੀ ਪੂਰਨ ਪਾਲਣ ਕਰਦਿਆਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਸੀ । ਉਨਾਂ ਕਿਹਾ ਕਿ ਇਹ ਸਾਲਾਨਾ ਇਮਤਿਹਾਨਾਂ ਤੋਂ ਪਹਿਲਾਂ ਅੰਤਮ ਦੁਹਰਾਈ ਦਾ ਸਮਾਂ ਹੈ ਅਤੇ ਇਸ ਲਈ ਮਾਪਿਆਂ ਅਤੇ ਅਧਿਆਪਕਾਂ ਵਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਨੂੰ ਕਬੂਲਦਿਆਂ ਵਿਭਾਗ ਨੇ ਸਕੂਲਾਂ ਦੇ ਸਮੇਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਮੁੜ ਖੋਲਣ ਤੋਂ ਪਹਿਲਾਂ ਵੱਖ-ਵੱਖ ਤਰੀਕਿਆਂ ਨਾਲ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਸੀ ਅਤੇ ਕੋਵਿਡ ਮਹਾਂਮਾਰੀ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਰੀਰਕ ਰੂਪ ਵਿੱਚ ਇੱਕ ਦੂਜੇ ਦੇ ਸਾਹਮਣੇ ਆਉਣ ਦਾ ਮੌਕਾ ਬਹੁਤ ਘੱਟ ਮਿਲਿਆ। ਸਕੂਲਾਂ ਵਿੱਚ ਪ੍ਰੀ-ਬੋਰਡ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਵਿਦਿਾਰਥੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਉਪਰੰਤ ਵਿਦਿਆਰਥੀਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸ਼੍ਰੀ ਸਿੰਗਲਾ ਨੇ ਕਿਹਾ ਕਿ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਹੋਣ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੰਤਮ ਦੁਹਾਈ ਲਈ ਵਧੇਰੇ ਸਮਾਂ ਮਿਲੇਗਾ ਜੋ ਕਿ ਉਨਾਂ ਨੂੰ ਪ੍ਰੀਖਿਆਵਾਂ ਵਿਚ ਬਿਹਤਰ ਕਾਰਗੁਜ਼ਾਰੀ ਲਈ ਮਦਦਗਾਰ ਸਿੱਧ ਹੋਵੇਗਾ।—–
