
ਚੰਡੀਗੜ੍ਹ,19,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 22 ਅਪ੍ਰੈਲ 2022 ਨੂੰ ਸਵੇਰੇ 11.00 ਵਜੇ ਆਪਣਾ ਅਹੁਦਾ ਸੰਭਾਲਣਗੇ। ਰਾਜਾ ਵੜਿੰਗ ਪੰਜਾਬ ਕਾਂਗਰਸ ਭਵਨ ਸੈਕਟਰ 15 ਵਿਖੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ।
ਕਾਂਗਰਸੀ ਸੂਤਰਾਂ ਮੁਤਾਬਕ ਉਕਤ ਸਮਾਗਮ ਲਈ ਪੰਜਾਬ ਕਾਂਗਰਸ ਦੇ ਸਿਰਫ ਸੀਨੀਅਰ ਆਗੂਆਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਕਣਕ ਦੀ ਖਰੀਦ ਚੱਲ ਰਹੀ ਹੋਣ ਕਾਰਨ ਵਰਕਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ।
ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਚੁਣੌਤੀ, ਬੋਲੇ, ਰਿਸ਼ਵਤ ਦੇਣ ਵਾਲੇ ਮਾਫੀਆ ਦੇ ਨਾਂ ਜਨਤਕ ਕਰੋ
ਪੰਜਾਬ ‘ਚ ਮਾਫੀਆ ਦੇ ਮੁੱਦੇ ‘ਤੇ ਕਾਂਗਰਸ ਨੇ ਇੱਕ ਵਾਰ ਫਿਰ ਸਿੱਧੇ ਤੌਰ ‘ਤੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਕਿਹਾ ਕਿ ਰਿਸ਼ਵਤ ਲੈਣਾ, ਦੇਣਾ ਤੇ ਮੁੱਖ ਮੰਤਰੀ ਨੂੰ ਪੇਸ਼ ਕਰਨਾ ਵੀ ਬਹੁਤ ਗੰਭੀਰ ਅਪਰਾਧ ਹੈ। ਹੁਣ ਅਜਿਹੇ ਰਿਸ਼ਵਤ ਦੇਣ ਵਾਲੇ ਮਾਫੀਆ ਦੇ ਨਾਮ ਜਨਤਕ ਨਾ ਕਰਕੇ ਜਾਂ ਉਨ੍ਹਾਂ ਖਿਲਾਫ ਕਾਰਵਾਈ ਨਾ ਕਰਕੇ ਤੁਸੀਂ ਆਪਣੀ ਸ਼ਮੂਲੀਅਤ ਜਾਂ ਮੋਨ ਸਮਰਥਨ ਦੇ ਰਹੇ ਹੋ। ਵੜਿੰਗ ਨੇ ਚੁਣੌਤੀ ਦੇ ਲਹਿਜੇ ‘ਚ ਕੇਜਰੀਵਾਲ ਨੂੰ ਪੁੱਛਿਆ ਕਿ ਕੀ ਉਹ ਮਾਫੀਆ ਦੇ ਨਾਂ ਜਨਤਕ ਕਰਨਗੇ। ਇਸ ਮਾਮਲੇ ‘ਤੇ ‘ਆਪ’ ਨੇ ਕਿਹਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ। ਮਾਫੀਆ ਰਾਤੋ-ਰਾਤ ਖਤਮ ਨਹੀਂ ਹੋਵੇਗਾ।
ਪੰਜਾਬ ‘ਚ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜਦੋਂ ਸੂਬੇ ‘ਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਲੁੱਟਣ ਵਾਲੇ ਮਾਫੀਆ ਨੇ ਉਨ੍ਹਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ, ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਆਗੂਆਂ ਨਾਲ ਸੰਪਰਕ ਕੀਤਾ। ਮਾਫੀਆ ਨੇ ਪੁੱਛਿਆ ਦੱਸੋ, ਤੁਹਾਡੇ ਇੱਥੇ ਕੀ ਸਿਸਟਮ ਚੱਲਦਾ ਹੈ? ਕਿਸ ਨੂੰ ਪੈਸੇ ਦੇਣੇ ਹੁੰਦੇ ਹਨ? ਕਿਵੇਂ ਦੇਣੇ ਹਨ? ਕੀ ਕਰਨਾ ਹੁੰਦਾ ਹੈ? ਕੇਜਰੀਵਾਲ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰੋ ਨਹੀਂ ਤਾਂ ਸਾਰਿਆਂ ਨੂੰ ਜੇਲ੍ਹ ਭੇਜ ਦੇਵਾਂਗਾ। ਇੱਕ ਮਹੀਨੇ ਵਿੱਚ ਸਭ ਕੁਝ ਠੀਕ ਹੋ ਗਿਆ। ਹੁਣ ਵੜਿੰਗ ਇੱਕ ਵੀਡੀਓ ਜ਼ਰੀਏ ਕੇਜਰੀਵਾਲ ‘ਤੇ ਨਿਸ਼ਾਨਾ ਸਾਧ ਰਹੇ ਹਨ।
