ਅੰਮ੍ਰਿਤਸਰ 8 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਜੁਲਾਈ 2017 ਵਿੱਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਯਾਤਰੂਆਂ ਦੇ ਲਾਪਤਾ ਹੋਣ ਦੀ ਜਾਂਚ ਸੀਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਸੀਬੀਆਈ ਟੀਮ ਮਹਿਤਾ ਵਿਖੇ ਕਿਰਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੀ। ਸੀਬੀਆਈ ਵੱਲੋਂ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ। 1 ਜੁਲਾਈ ਨੂੰ ਮਹਿਤਾ ਚੌਕ ਤੋਂ ਇਨੋਵਾ ਕਿਰਾਏ ‘ਤੇ ਲੈ ਕੇ ਡਰਾਈਵਰ ਸਮੇਤ 8 ਲੋਕ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਏ ਸੀ ਜਿਨ੍ਹਾਂ 6 ਜੁਲਾਈ ਨੂੰ ਵਾਪਸ ਆਉਣਾ ਸੀ। ਇਨ੍ਹਾਂ ਵਿੱਚ ਮਹਿਤਾ ਵਾਸੀ ਕਿਰਪਾਲ ਸਿੰਘ, ਉਸ ਦੇ ਦੋ ਭਤੀਜੇ, ਦੋ ਅਮਰੀਕੀ ਨਾਗਰਿਕ, ਡਰਾਈਵਰ ਤੇ ਦੋ ਕਾਦੀਆਂ ਨਜ਼ਦੀਕ ਡੱਲੇ ਪਿੰਡ ਦੇ ਦੋ ਵਾਸੀ ਸੀ।
ਡਰਾਈਵਰ ਛੱਡ ਕੇ ਬਾਕੀ ਸਾਰੇ ਹੀ ਕਰੀਬੀ ਰਿਸ਼ਤੇਦਾਰ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 1 ਜੁਲਾਈ ਨੂੰ ਯਾਤਰਾ ‘ਤੇ ਗਏ ਸਾਰਿਆਂ ਨਾਲ ਫੋਨ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ। 6 ਜੁਲਾਈ ਨੂੰ ਵਾਪਸ ਆਉਣ ਵਾਲੇ ਦਿਨ ਤੋਂ ਸਾਰੀਆਂ ਦੇ ਫੋਨ ਤੇ ਸੰਪਰਕ ਖਤਮ ਹੋ ਗਿਆ ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਹੋਈ ਤੇ ਉਹ ਉਤਰਾਖੰਡ ਗੋਬਿੰਦਘਾਟ ਗਏ। ਉਨ੍ਹਾਂ ਵੱਲੋਂ ਸਾਰਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਈ ਗਈ ਤੇ ਪੁਲਿਸ ਵੱਲੋਂ ਗੋਬਿੰਦਘਾਟ ਤੋਂ ਕੁਝ ਕਿਲੋਮੀਟਰ ਦੂਰ ਇਨੋਵਾ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਕਰ ਦਿੱਤੀ ਪਰ ਪਰਿਵਾਰਕ ਮੈਂਬਰਾਂ ਦਾ ਕੋਈ ਵੀ ਪਛਾਣ ਪੱਤਰ, ਸਾਮਾਨ ਜਾਂ ਨਿਸ਼ਾਨੀਆਂ ਨਹੀਂ ਮਿਲੀਆਂ।
ਉੱਤਰਾਖੰਡ ਪੁਲਿਸ ਵੱਲੋਂ ਲਾਪਤਾ ਇਨੋਵਾ ਦੀ ਹਾਦਸਾਗ੍ਰਸਤ ਹੋਣ ਦੀ ਕਾਰਵਾਈ ਕਰਕੇ ਕੇਸ ਬੰਦ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਉੱਤਰਾਖੰਡ ਤੇ ਪੰਜਾਬ ਸਰਕਾਰ ਵੱਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਗਈ। ਪਰਿਵਾਰ ਵੱਲੋਂ ਉਤਰਾਖੰਡ ਹਾਈਕੋਰਟ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ। ਸੀਬੀਆਈ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ।
ਸੀਬੀਆਈ ਅਧਿਕਾਰੀ ਨੇ ਦੱਸਿਆਂ ਕਿ ਜੋ ਸਾਮਾਨ ਮਿਲਿਆ ਸੀ, ਉਨ੍ਹਾਂ ਵਿੱਚ ਦੋ ਅਧਾਰ ਕਾਰਡ ਤੇ ਇੱਕ ਫੋਨ ਮਿਲਿਆ ਸੀ, ਜੋ ਇਸ ਘਟਨਾ ਵਿੱਚ ਲਾਪਤਾ ਹੋਏ ਹਰਪਾਲ ਸਿੰਘ ਦਾ ਸੀ। ਇਨੋਵਾ ਗੱਡੀ ਦਾ ਸਾਈਡ ਗਲਾਸ ਮਿਲਿਆ ਹੈ ਤੇ ਹੁਣ ਘਟਨਾ ਸਥਾਨ ‘ਤੇ ਬਾਰਸ਼ ਕਾਰਨ ਪਹਾੜੀਆਂ ਖਿਸਕੀਆਂ ਹਨ ਜਦੋਂ ਵੀ ਮਾਹੌਲ ਠੀਕ ਹੋਵੇਗਾ ਤਾਂ ਜਾਂਚ ਪੂਰੀ ਕੀਤੀ ਜਾਵੇਗੀ।