ਜਲੰਧਰ 23 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਜ਼ਿਲ੍ਹਾ ਜਲੰਧਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਪੁਲਿਸ ਕਾਂਸਟੇਬਲ ਨੂੰ ਦੋ ਸਕੇ ਭਰਾਵਾਂ ਨੇ ਇਸ ਲਈ ਬੇਸਬੈਟ ਤੇ ਡੰਡਿਆਂ ਨਾਲ ਕੁੱਟ ਸੁੱਟਿਆ ਕਿਉਂਕਿ ਉਸ ਨੇ ਉਨ੍ਹਾਂ ਨੂੰ 200 ਰੁਪਏ ਉਧਾਰ ਨਹੀਂ ਦਿੱਤੇ ਸੀ। ਇਸ ਗੱਲ ਤੋਂ ਗੁੱਸੇ ‘ਚ ਆਏ ਦੋ ਸਕੇ ਭਰਾਵਾਂ ਨੇ ਆਪਣੇ ਪਿਤਾ ਦੀ ਸਾਈਕਲ ਪੈਂਚਰਾਂ ਵਾਲੀ ਦੁਕਾਨ ਤੇ ਉਸ ਦੀ ਕੁੱਟਮਾਰ ਕਰ ਦਿੱਤੀ।
ਇਸ ਮਗਰੋਂ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਧਰ ਪੁਲਿਸ ਨੇ ਥਾਣਾ ਆਦਮਪੁਰ ‘ਚ ਮੁਲਜ਼ਮ ਭਰਾਵਾਂ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗੇ ਹਨ। ਦਰਅਸਲ, ਆਦਮਪੁਰ ਦੇ ਪਿੰਡ ਪਪਿਆਣਾ ਦਾ ਨਿਵਾਸੀ ਕਾਂਸਟੇਬਲ ਗੁਰਕੀਰਤ ਸਿੰਘ ਪੰਜਾਬ ਪੁਲਿਸ ਵਿੱਚ ਜਲੰਧਰ ‘ਚ ਤਾਇਨਾਤ ਹੈ। 20 ਦਸੰਬਰ ਨੂੰ ਉਹ ਡਿਊਟੀ ਮਗਰੋਂ ਘਰ ਗਿਆ ਸੀ।
ਇਸ ਦੌਰਾਨ ਉਹ ਆਪਣੇ ਭਰਾ ਮੋਨੂੰ ਤੇ ਟੋਨੂੰ ਨੂੰ ਹਲਵਾਈ ਦੀ ਦੁਕਾਨ ਤੇ ਮਿਲਿਆ। ਮੋਨੂੰ ਤੇ ਟੋਨੂ ਨੇ ਪਿੰਡ ਵਿਚ ਹੀ ਸਥਿਤ ਇਸ ਮਿਠਾਈ ਦੀ ਦੁਕਾਨ ਤੇ ਗੁਰਕੀਰਤ ਤੋਂ 200 ਰੁਪਏ ਮੰਗੇ। ਕਾਂਸਟੇਬਲ ਗੁਰਕੀਰਤ ਨੇ ਉਨ੍ਹਾਂ ਨੂੰ ਮਨ੍ਹਾਂ ਕਰ ਦਿੱਤਾ ਕਿ ਉਸ ਕੋਲ ਅਜੇ ਪੈਸੇ ਨਹੀਂ ਹਨ ਤੇ ਇਹ ਕਹਿ ਕੇ ਉਹ ਘਰ ਚਲਾ ਗਿਆ।
ਮੰਗਲਵਾਰ ਨੂੰ ਜਦ ਉਹ ਡਿਊਟੀ ਤੇ ਜਾਣ ਲੱਗਾ ਤਾਂ ਪਿੰਡ ਦੇ ਬੱਸ ਅੱਡੇ ਵੱਲ ਜਾਂਦੇ ਸਮੇਂ ਮੋਨੂੰ ਤੇ ਟੋਨੂੰ ਨੇ ਉਸਨੂੰ ਘੇਰ ਲਿਆ। ਮੁਲਜ਼ਮਾਂ ਨੇ ਇਸ ਮਗਰੋਂ ਪੁਲਿਸ ਮੁਲਾਜ਼ਮ ਨਾਲ ਗਾਲ ਮੰਦਾ ਕੀਤਾ ਤੇ ਉਸ ਤੇ ਬੇਸਬੈਟ ਅਤੇ ਡੰਡਿਆਂ ਨਾਲ ਹਮਲਾ ਕੀਤਾ।