200 ਕਿਲੋਮੀਟਰ ਸਾਇਕਲਿੰਗ ਕਰਦਿਆਂ ਕੀਤਾ ਕੋਵਿਡ ਤੋਂ ਬਚਾਅ ਲਈ ਜਾਗਰੂਕ..!!

0
42

ਮਾਨਸਾ •, 26 ਜੁਲਾਈ  (ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਸਾਇਕਲ ਗਰੁੱਪ ਵਲੋਂ ਸ਼ੁਰੂ ਕੀਤੀ ਮਹੀਨਾਵਾਰ ਸਾਇਕਲ ਰਾਈਡ ਦੇ 26 ਵੇਂ  ਦਿਨ 10 ਮੈਂਬਰਾਂ ਨੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਜੀ ਦੀ ਅਗਵਾਈ ਹੇਠ ਮਾਨਸਾ ਤੋਂ ਗੁਰਦੁਆਰਾ ਸਾਹਿਬ ਸ਼੍ਰੀ ਪਰਮੇਸ਼ਵਰ ਦੁਆਰ ਪਟਿਆਲਾ ਅਤੇ ਵਾਪਿਸ ਮਾਨਸਾ ਤੱਕ 200 ਕਿਲੋਮੀਟਰ ਸਾਇਕਲਿੰਗ ਕਰਦਿਆਂ ਲੋਕਾਂ ਨੂੰ ਕੋਵਿਡ ਦੀ ਬੀਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਵਲੋਂ 1ਜੁਲਾਈ ਤੋਂ 31 ਜੁਲਾਈ ਤੱਕ ਕੋਵਿਡ ਦੀ ਬੀਮਾਰੀ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਮਹੀਨਾਵਾਰ ਸਾਇਕਲ ਰਾਈਡ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਅੱਜ ਇਹ ਰਾਈਡ ਕੀਤੀ ਗਈ ਹੈ ਰਸਤੇ ਵਿੱਚ ਪਿੰਡਾਂ ਦੇ ਅੱਡਿਆ ਤੇ ਖੜ੍ਹੇ ਲੋਕਾਂ ਨੂੰ ਬੀਮਾਰੀ ਦੀ ਦਵਾਈ ਦੀ ਖੋਜ ਨਾ ਹੋਣ ਤੱਕ  ਮਾਸਕ ਪਹਿਣ ਕੇ ਰੱਖਣ ਅਤੇ ਸ਼ੋਸ਼ਲ ਡਿਸਟੈਂਸ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਲੋਕਾਂ ਵਲੋਂ ਇਸ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਬੜੇ ਹੀ ਧਿਆਨ ਨਾਲ ਗੱਲਾਂ ਸਮਝ ਰਹੇ ਹਨ। ਗਰੁੱਪ ਦੇ ਮੈਂਬਰ ਰੌਕੀ ਸ਼ਰਮਾ ਜੀ ਨੇ ਲੋਕਾਂ ਨੂੰ ਸਾਇਕਲ ਚਲਾਓ ਵਾਤਾਵਰਣ ਬਚਾਓ ਦਾ ਸੰਦੇਸ਼ ਦਿੰਦਿਆਂ ਸਾਇਕਲ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਡੀ.ਐਸ.ਪੀ. ਬਹਾਦਰ ਸਿੰਘ ਰਾਓ ਨੇ ਅਪਣੇ ਨਿਵਾਸ ਸੰਗਰੂਰ ਤੋਂ ਸਾਇਕਲ ਤੇ ਭਵਾਨੀਗੜ ਤੋਂ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨਾਲ ਭਾਖੜਾ ਨਹਿਰ ਪਟਿਆਲਾ ਤੱਕ ਸਾਇਕਲਿੰਗ ਕਰਕੇ ਮੈਂਬਰਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਉਸ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਨ  ਜੋ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿੱਚ ਵੀ ਮੋਹਰੀ ਰੋਲ ਅਦਾ ਕਰਦੇ ਰਹਿੰਦੇ ਹਨ। ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਸ਼੍ਰੀ ਪਰਮੇਸ਼ਵਰ ਦੁਆਰ ਵਿਖੇ ਨੱਤਮਸਤਕ ਹੁੰਦਿਆਂ ਮਾਨਸਾ ਜਿਲ੍ਹੇ ਨੂੰ ਕੋਵਿਡ ਦੀ ਬੀਮਾਰੀ ਤੋਂ ਬਚਾਅ ਕੇ ਰੱਖਣ ਲਈ ਅਰਦਾਸ ਕੀਤੀ। ਇਸ ਰਾਈਡ ਵਿੱਚ 14 ਸਾਲ ਦੇ ਜੁਨੀਅਰ ਮੈਂਬਰ ਆਰਿਅਨ ਸੇਠੀ ਨੇ ਵੀ 200 ਕਿਲੋਮੀਟਰ ਸਾਇਕਲ ਚਲਾ ਕੇ ਗਰੁੱਪ ਵਿੱਚ ਵੱਖਰੀ ਪਹਿਚਾਣ ਬਣਾ ਲਈ ਹੈ। ਇਸ ਰਾਈਡ ਵਿੱਚ ਪਰਵੀਨ ਟੋਨੀ ਸ਼ਰਮਾ,ਬਿੰਨੂ ਗਰਗ,ਸੋਹਣ ਲਾਲ,ਅਨਿਲ ਸੇਠੀ,ਪਰਸ਼ੋਤਮ ਕੁਮਾਰ,ਰਵਿੰਦਰ ਧਾਲੀਵਾਲ,ਸੰਜੀਵ ਪਿੰਕਾ,ਰੋਕੀ ਸ਼ਰਮਾਂ,ਸੁਰਿੰਦਰ ਬਾਂਸਲ,ਆਰਿਅਨ ਸੇਠੀ ਨੇ ਹਿੱਸਾ ਲਿਆ।

NO COMMENTS