
ਮਾਨਸਾ, 19 ਨਵੰਬਰ (ਸਾਰਾ ਯਹਾ / ਹੀਰਾ ਸਿੰਘ ਮਿੱਤਲ) : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ 20 ਨਵੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਕੰਪਨੀ ਵੱਲੋਂ ਟੈਕਨੀਕਲ ਅਸੀਸਟੈਂਟ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਲਈ ਪ੍ਰਾਰਥੀ ਦੀ ਘੱਟੋ-ਘੱਟ ਯੋਗਤਾ 10ਵੀਂ ਜਾਂ ਆਈ.ਟੀ.ਆਈ. ਪਾਸ ਹੋਣੀ ਚਾਹੀਦੀ ਹੈ ਅਤੇ ਇਸ ਕੈਂਪ ਵਿੱਚ ਮੁੰਡੇ ਅਤੇ ਕੁੜੀਆਂ ਦੋਵੇਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਉਮਰ ਸੀਮਾ 18 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਸਰੀਰਕ ਤੌਰ ’ਤੇ ਤੰਦਰੁਸਤ ਹੋਣੇ ਚਾਹੀਦੇ ਹਨ। ਜ਼ਿਲ੍ਹਾ ਰੋਜ਼ਗਾਰ ਦਫ਼ਤਰ ਨੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਆਪਣੇ ਸਰਟੀਫਿਕੇਟਾਂ ਦੀਆਂ ਫੋਟੋਕਾਪੀਆਂ ਅਤੇ ਬਾਇਓਡਾਟਾ ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਪਹੁੰਚ ਕਰਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਅਸਾਮੀਆਂ ਦੀ ਗਿਣਤੀ 200 ਹੈ ਅਤੇ ਤਨਖ਼ਾਹ 8 ਹਜ਼ਾਰ ਤੋਂ 10 ਹਜ਼ਾਰ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਰੱਖਿਆ ਗਿਆ ਹੈ। ਕੈਂਪ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਮੋਬਾਇਲ ਨੰਬਰ 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
