*19 ਜਨਵਰੀ ਨੂੰ ਮੁੱਖ ਮੰਤਰੀ ਨੂੰ ਦਿਖਾਏ ਜਾਣਗੇ ਕਾਲੇ ਝੰਡੇ ਅਤੇ ਬੁਢਲਾਡਾ ਵਿਖੇ ਪੁਲਿਸ ਸਿਆਸੀ ਗੁੰਡਾ ਗੱਠਜੋੜ ਦਾ ਫ਼ੂਕਿਆ ਜਾਵੇਗਾ ਪੁਤਲਾ*

0
59

ਬੁਢਲਾਡਾ 17 ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬੁਢਲਾਡਾ ਦੇ ਡੀਐਸਪੀ ਦਫਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਧੁੰਦ ਅਤੇ ਠੰਡ ਦੀ ਪਰਵਾਹ ਕੀਤੇ ਬਿਨਾਂ ਬਾਰਵੇਂ ਦਿਨ ਵੀ ਨਿਰੰਤਰ ਜਾਰੀ ਰਿਹਾ। 

           ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਅਤੇ ਕਿਸਾਨਾਂ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਦੀਆਂ ਮੰਗਾਂ ਨੂੰ ਲ਼ੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੰਘਰਸ਼ ਦੇ ਰਾਹ ਤੇ ਹੈ। ਸੰਘਰਸ਼ੀ ਕਿਸਾਨਾਂ ਦੀ ਲੋਹੜੀ ਅਤੇ ਮਾਘੀ ਵੀ ਮੋਰਚੇ ‘ਤੇ ਹੀ ਬੀਤੀ ਹੈ। ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪਿਛਲੀਆਂ ਸਰਕਾਰਾਂ ਵਾਂਗੂੰ, ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਵੀ ਲੋਕਾਂ ਦੀ ਗੱਲ ਸੁਣਨ ਤੋਂ ਇਨਕਾਰੀ ਹੋ ਕੇ, ਆਪਣੇ ਚਹੇਤਿਆਂ ਨੂੰ ਕਿਸਾਨਾਂ ਤੇ ਜਾਨਲੇਵਾ ਹਮਲੇ ਕਰਨ ਦੀ ਖੁੱਲ੍ਹੀ ਛੋਟ ਦੇ ਰੱਖੀ ਹੈ।

           ਇਸ ਲਈ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 19 ਜਨਵਰੀ ਨੂੰ ਜਿੱਥੇ ਬਰਨਾਲਾ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਉੱਥੇ ਮਾਨਸਾ ਜ਼ਿਲ੍ਹੇ ਅੰਦਰ ਬੁਢਲਾਡਾ ਵਿਖੇ ਪੁਲਿਸ ਸਿਆਸੀ ਗੁੰਡਾ ਗੱਠਜੋੜ ਦਾ ਪੁਤਲਾ ਫੂਕਿਆ ਜਾਵੇਗਾ। ਅੱਜ ਪੱਕੇ ਮੋਰਚੇ ਦੇ ਬਾਰਵੇਂ ਦਿਨ ਮਾਨਸਾ ਤੋਂ ਇਲਾਵਾ, ਬਠਿੰਡਾ ਜ਼ਿਲ੍ਹੇ ਦੇ ਕਿਸਾਨ ਕਾਫਲੇ ਮੋਰਚੇ ਵਿੱਚ ਸ਼ਾਮਲ ਹੋਏ। ਫਿਰੋਜ਼ਪੁਰ ਜ਼ਿਲ੍ਹੇ ਦੇ ਸੈਂਕੜੇ ਕਿਸਾਨ ਬੀਤੀ ਰਾਤ ਤੋਂ ਮੋਰਚੇ ਵਿੱਚ ਡਟੇ ਹੋਏ ਹਨ। 

            ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਐਸ ਐਸ ਪੀ ਮਾਨਸਾ ਵੱਲੋਂ ਜਥੇਬੰਦੀ ਨਾਲ ਵਾਅਦਾ ਕੀਤਾ ਗਿਆ ਸੀ ਕਿ 19 ਦਸੰਬਰ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਲੱਗਭੱਗ ਇੱਕ ਮਹੀਨਾ ਹੋਰ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।

            ਅੱਜ ਬਾਰਵੇਂ ਦਿਨ ਦੇ ਧਰਨੇ ਨੂੰ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਜਨਰਲ ਸਕੱਤਰ ਬਲਵਿੰਦਰ ਸ਼ਰਮਾ, ਹਰੀ ਸਿੰਘ ਬੁੱਗਰ, ਮਹਿੰਦਰ ਸਿੰਘ ਬਾਲਿਆਂਵਾਲੀ, ਜਸਕਰਨ ਸਿੰਘ ਬਰੇਟਾ, ਸੱਤਪਾਲ ਵਰ੍ਹੇ, ਜਸਵੀਰ ਸਿੰਘ ਰੱਲਾ, ਕਾਲਾ ਸਿੰਘ ਅਕਲੀਆ, ਵਿਸਾਵਾ ਸਿੰਘ ਧੰਨਪੁਰਾ, ਜਗਜੀਵਨ ਹਸਨਪੁਰ, ਤੇਜ ਰਾਮ ਅਹਿਮਦਪੁਰ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here