ਮਾਨਸਾ 18 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਲਗਾਤਾਰ 18 ਦਿਨਾਂ ਤੋਂ ਮਾਨਸਾ ਸ਼ਹਿਰ ਵਿਚਲੀ ਸੀਵਰੇਜ ਦੇ ਪਾਣੀ ਦੇ ਥਾਂ ਥਾਂ ਤੇ ਓਵਰ ਫਲੋ ਦੀ ਸਮੱਸਿਆ ਦੇ ਪੱਕੇ ਹੱਲ ਲਈ ਵੋਆਇਸ ਆਫ ਮਾਨਸਾ ਅਤੇ ਹੋਰ ਸਮਾਜਿਕ ਸੰਸਥਾਵਾਂ ਵਲੋਂ ਲਗਾਏ ਗਏ ਧਰਨੇ ਵਿੱਚ ਸੀਨੀਅਰ ਸਿਟੀਜਨ ਆਗੂ ਬਿੱਕਰ ਸਿੰਘ ਮੰਘਾਣੀਆਂ, ਗੁਰਦੇਵ ਸਿੰਘ ਘੁਮਾਣ, ਜਗਦੀਪ ਤੋਤੀ ਮਾਨਸ਼ਾਹੀਆ, ਓਮ ਪ੍ਰਕਾਸ ਵਾਰਡ ਅਤੇ ਲੋਕ ਇਨਸਾਫ ਪਾਰਟੀ ਆਗੂ ਮਨਜੀਤ ਸਿੰਘ ਮੀਹਾਂ ਭੁੱਖ ਹੜਤਾਲ ਤੇ ਬੈਠੇ। ਵੱਖ ਵੱਖ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵਲੋਂ ਇੱਕ ਸੁਰ ਵਿਚ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਪਿੰਡ ਦੇ ਨੇੜਲੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਸਮੱਸਿਆ ਲਈ ਨਿੱਜੀ ਦਖਲ ਦੇਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ। ਭੁੱਖ ਹੜਤਾਲ ਦੀ ਸ਼ੁਰੂਆਤ ਕਰਦਿਆਂ ਬਿੱਕਰ ਸਿੰਘ ਮਘਾਣੀਆਂ ਨੇ ਕਿਹਾ ਕਿ ਜਿੱਥੇ ਸਮਾਜ ਵਿੱਚ ਸੀਨੀਅਰ ਸਿਟੀਜਨ ਦਾ ਆਦਰ ਕੀਤਾ ਜਾਂਦਾ ਹੈ ਉਥੇ ਮਾਨਸਾ ਵਿੱਚ ਸੀਨੀਅਰ ਸਿਟੀਜਨ ਮੈਂਬਰ ਸੀਵਰੇਜ ਦੀ ਸਮੱਸਿਆ ਹੱਲ ਕਰਾਉਣ ਲਈ ਧਰਨੇ ਤੇ ਬੈਠ ਰਹੇ ਹਨ ਜਿਸ ਲਈ ਪ੍ਰਸ਼ਾਸਨ ਦੀ ਨਲਾਇਕੀ ਹੀ ਜ਼ਿੰਮੇਵਾਰ ਹੈ। ਸਾਬਕਾ ਕੌਂਸਲਰ ਜਤਿੰਦਰ ਆਗਰਾ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੀ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਤੇ ਗਲ਼ੀਆਂ ਵਿੱਚ ਸੀਵਰੇਜ ਦਾ ਪਾਣੀ ਫਿਰਦਾ ਹੈ ਤੇ ਜੇਕਰ ਇਸ ਦਾ ਹੱਲ ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਨਾ ਹੋਇਆ ਤਾਂ ਭਿਆਨਕ ਬੀਮਾਰੀਆਂ ਕਰਕੇ ਜਾਨੀ ਤੇ ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ। ਉਹਨਾਂ ਸ਼ਹਿਰ ਵਾਸੀਆਂ ਨਾਲ ਵਿਚਾਰ ਚਰਚਾ ਕਰਕੇ ਸ਼ਹਿਰ ਦੇ ਬਾਜ਼ਾਰ ਬੰਦ ਕਰਨ ਲਈ ਵੀ ਸਭ ਨੂੰ ਅੱਗੇ ਆਉਣ ਲਈ ਕਿਹਾ ਤਾਂ ਜੋ ਸਮੱਸਿਆ ਦੇ ਪੱਕੇ ਹੱਲ ਤੋਂ ਟਾਲਾ ਵੱਟ ਰਹੇ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ।ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਜੇਕਰ ਸੀਵਰੇਜ਼ ਮਸਲੇ ਦਾ ਹੱਲ ਹਫਤੇ ਵਿਚ ਨਹੀਂ ਹੁੰਦਾ ਹੈ ਤਾਂ ਉਹਨਾਂ ਵਲੋਂ ਹਾਈਕੋਰਟ ਦਾ ਰੁਖ਼ ਕੀਤਾ ਜਾਵੇਗਾ। ਉਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਨੁਕਸਾਨ ਲਈ ਜ਼ਿੰਮੇਵਾਰ ਲੋਕਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਲਿਆਉਣ ਦੀ ਲੋੜ ਹੈ ਅਤੇ ਜੇਕਰ ਇਸ ਲਈ ਵੋਟਾਂ ਵਿੱਚ ਨੋਟਾ ‘ ਕੋਈ ਉਮੀਦਵਾਰ ਪਸੰਦ ਨਹੀਂ ਹੈ ‘ ਦੀ ਚੋਣ ਕੀਤੀ ਜਾਵੇ ਤਾਂ ਲੋਕ ਰੋਹ ਦਾ ਪਤਾ ਸਭ ਸਿਆਸੀ ਧਿਰਾਂ ਨੂੰ ਲੱਗ ਜਾਵੇਗਾ। ਇਸ ਮੌਕੇ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਸੀਵਰੇਜ ਦੇ ਸੰਘਰਸ਼ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਇਹ ਸਿਆਸੀ ਸਫਾਂ ਤੋਂ ਉਪਰ ਉਠ ਕੇ ਹਰੇਕ ਸ਼ਹਿਰੀ ਦਾ ਬੁਨਿਆਦੀ ਹੱਕਾਂ ਦਾ ਮਸਲਾ ਹੈ ਤੇ ਲੋਕ ਇਸ ਦੇ ਹੱਲ ਲਈ ਇਕਜੁੱਟ ਹਨ । ਸ਼ਾਮ ਨੂੰ ਭੁੱਖ ਹੜਤਾਲ ਖੁਲਵਾਉਣ ਸਮੇਂ ਬੋਲਦਿਆਂ ਡਾ ਜਨਕ ਰਾਜ ਸਿੰਗਲਾ ਨੇ ਪ੍ਰਸ਼ਾਸਨ ਦੇ ਰੁੱਖ ਤੇ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਮਜਬੂਰ ਹੋ ਧਰਨੇ ਨੂੰ ਸ਼ਹਿਰ ਬੰਦ ਕਰਨ ਜਾ ਕੁਝ ਹੋਰ ਕਰਨ ਲਈ ਤਿਆਰ ਹੋਣਾ ਪਵੇਗਾ । ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸੰਭਾਵੀ ਮਾਨਸਾ ਦੌਰੇ ਦੋਰਾਨ ਮਾਨਸਾ ਦੇ ਲੋਕਾਂ ਲਈ ਇਸ ਸਮੱਸਿਆ ਦੇ ਹੱਲ ਲਈ ਕੋਈ ਕਦਮ ਚੁੱਕਣ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਮੌਕੇ ਸੇਠੀ ਸਿੰਘ ਸਰਾਂ, ਨਰਿੰਦਰ ਸ਼ਰਮਾ, ਸਰਜੀਵਨ ਸਰਾਂ, ਡਾ ਲਖਵਿੰਦਰ ਸਿੰਘ ਮੂਸਾ, ਲਾਭ ਸਿੰਘ, ਪਾਲਾ ਰਾਮ ਅਤੇ ਹੋਰ ਪਤਵੰਤੇ ਮੌਜੂਦ ਸਨ।