ਬੁਢਲਾਡਾ 14 ਮਈ (ਸਾਰਾ ਯਹਾਂ/ਅਮਨ ਮਹਿਤਾ): ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਅਨੁਸਾਰ ਲਏ ਗਏ ਫੈਸਲੇ ਮੁਤਾਬਿਕ ਮਿਤੀ 15 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਪੂਰੇ ਸੂਬੇ ਦੇ ਪਟਵਾਰੀ ਸਮੂਹਿਕ ਛੁੱਟੀ ਤੇ ਜਾ ਰਹੇ ਹਨ। ਜਿਕਰਯੋਗ ਹੈ ਕਿ ਪਟਵਾਰ ਯੂਨੀਅਨ ਪੰਜਾਬ ਵੱਲੋ ਪੰਜਾਬ ਸਰਕਾਰ ਦੁਆਰਾ ਚਿਰਾਂ ਤੋਂ ਲਟਕਦੀਆ ਆ ਰਹੀਆ ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਪਟਵਾਰ ਯੂਨੀਅਨ ਵੱਲੋਂ ਪਿਛਲੇ ਕਈ ਦਿਨਾ ਤੋਂ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਸੀ ਜਿਸ ਦੇ ਅਨੁਸਾਰ ਪੰਜਾਬ ਦੀਆ ਸਾਰੀਆ ਤਹਿਸੀਲ ਕੰਪਲੈਕਸ ਸਾਹਮਣੇ ਮਿਤੀ 6-7 ਮਈ ਨੂੰ ਪਟਵਾਰੀਆ ਵੱਲੋਂ ਧਰਨੇ ਦਿੱਤੇ ਜਾਣ ਦਾ ਪ੍ਰੋਗਰਾਮ ਸੀ । ਪ੍ਰੰਤੂ ਕੋਵੀਡ 19 ਦੇ ਹਾਲਾਤਾਂ ਮੱਦੇਨਜ਼ਰ ਪਟਵਾਰ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸਮੁੱਚੇ ਪੰਜਾਬ ਦੇ ਪਟਵਾਰੀ ਮਿਤੀ 6-7 ਮਈ ਨੂੰ ਸਮੂਹਿਕ ਛੁੱਟੀ ਤੇ ਜਾ ਰਹੇ ਹਨ ਅਤੇ12-13 ਮਈ ਨੂੰ ਪੂਰੇ ਪੰਜਾਬ ਅੰਦਰ ਜਿਲਾ ਹੈਡਕੁਆਰਟਰ ਤੇ ਧਰਨੇ ਦੇਣ ਜਾ ਰਹੇ ਹਨ। ਪਟਵਾਰ ਯੂਨੀਅਨ ਦੇ ਪ੍ਰੋਗਰਾਮ ਦੀ ਕਾਨੂੰਗੋ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਜਿਲਾ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ ,ਜਰਨਲ ਸਕੱਤਰ ਜਸਪ੍ਰੀਤ ਸਿੰਘ, ਲਖਵਿੰਦਰ ਸਿੰਘ ਖਜ਼ਾਨਚੀ, ਸਤਵੀਰ ਸਿੰਘ ਜਟਾਣਾ ਸਹਾਇਕ ਸੂਬਾ ਖਜ਼ਾਨਚੀ, ਜਗਦੇਵ ਸਿੰਘ ਤਹਿਸੀਲ ਪ੍ਰਧਾਨ ਸਰਦੂਲਗੜ੍ਹ ,ਅਮਰਿੰਦਰ ਸਿੰਘ ਤਹਿਸੀਲ ਪ੍ਰਧਾਨ ਮਾਨਸਾ , ਹਰਿੰਦਰਪਾਲ ਸਿੰਘ ਤਹਿਸੀਲ ਪ੍ਰਧਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਕਤ ਪੂਰੇ ਮਾਨਸਾ ਜਿਲੇ ਵਿਚ 132 ਅਸਾਮੀਆ ਉਪਰ ਕੇਵਲ 50 ਪਟਵਾਰੀ ਕੰਮ ਕਰ ਰਹੇ ਹਨ ਇਸ ਸਮੇਂ ਜਿਲੇ ਦੇ ਕੁੱਲ 132 ਸਰਕਲਾ ਵਿਚੋ 82 ਪਟਵਾਰ ਸਰਕਲ ਅਜਿਹੇ ਹਨ ਜਿਥੇ ਕੋਈ ਵੀ ਪਟਵਾਰੀ ਨਾ ਹੋਣ ਕਾਰਨ ਇਹਨਾ ਪਿੰਡਾਂ ਦਾ ਕੰਮ ਵੀ ਬਿਨਾਂ ਕਿਸੇ ਵਾਧੂ ਮਿਹਨਤਾਨੇ ਦੇ ਇਹੀ ਪਟਵਾਰੀ ਸਾਭ ਰਹੇ ਹਨ। ਜਿਸ ਦੇ ਕਾਰਨ ਪਟਵਾਰੀ ਭਾਰੀ ਮਾਨਸਿਕ ਪ੍ਰਸ਼ਾਨੀਆ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਬਿਨਾ ਮੌਜੂਦਾ ਮਹਾਮਾਰੀ ਦੇ ਦੌਰ ਵਿਚ ਸਰਕਾਰ ਦੇ ਰਾਹਤ ਕਾਰਜ ਵੀ ਪਟਵਾਰੀਆ ਦੁਆਰਾ ਹੀ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਕਰੋਨਾ ਸਮੇਂ ਪਟਵਾਰੀਆ ਵੱਲੋਂ ਮ੍ਰਿਤਕਾ ਦੇ ਸੰਸਕਾਰ ਦੀ ਸੇਵਾ ਵੀ ਅੱਗੇ ਹੋ ਕੇ ਨਿਭਾਈ ਗਈ ਸੀ। ਜੇਕਰ ਪਟਵਾਰੀਆ ਦੀਆ ਹੱਕੀ ਮੰਗਾਂ ਜਿਵੇ ਕਿ ਪਟਵਾਰੀਆ ਦਾ ਪਰਖਕਾਲ ਸਮਾਂ ਪੰਜਾਬ ਸੇਵਾ ਕਮਿਸ਼ਨ ਦੇ ਪੱਤਰ ਨੰਬਰ ਐਸ ਆਰ 71/1985 ਅ-8/3144 ਮਿਤੀ 10-12-2020 ਰਾਹੀ ਪਟਵਾਰੀ ਭਰਤੀ ਰੂਲਜ ਵਿਚ ਲੋੜੀਦੀ ਸੋਧ ਦੀ ਪ੍ਰਵਾਨਗੀ ਅਨੁਸਾਰ ਪਟਵਾਰੀਆ ਦੀ 18 ਮਹੀਨਿਆ ਦੀ ਟ੍ਰੇਨਿੰਗ ਨੂੰ ਸੇਵਾ ਕਾਲ ਵਿਚ ਸ਼ਾਮਲ ਕਰਨਾ, ਕਿਉਕਿ ਮੌਜੂਦਾ ਭਰਤੀ ਰੂਲਜ ਅਨੁਸਾਰ ਨਵੇ ਭਰਤੀ ਪਟਵਾਰੀ ਬੇਸਿਕ ਤਨਖਾਹ ਤੋਂ ਘੱਟ ਤਨਖਾਹ ਤੇ 5 ਸਾਲ ਕੰਮ ਕਰਨ ਲਈ ਮਜਬੂਰ ਹਨ। ਇਸ ਤੋ ਬਿਨਾ 1996 ਦੇ ਸੀਨੀਅਰ ਸਕੇਲ ਖਤਮ ਹੋਣ ਇਕੋ ਸਮੇਂ ਭਰਤੀ ਪਟਵਾਰੀਆ ਦੀ ਤਨਖਾਹ ਸਬੰਧੀ ਅਨਾਮਲੀ ਦੂਰ ਕੀਤੀ ਜਾਵੇ। ਅਤੇ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ 100% ਕਾਨੂੰਗੋ ਚੋਂ ਕੀਤੀ ਜਾਵੇ ਆਦਿ ਹੱਕੀ ਮੰਗਾ ਤੇ ਜੇਕਰ ਸਰਕਾਰ ਵੱਲੋਂ ਗੌਰ ਨਾ ਕੀਤਾ ਗਿਆ ਤਾਂ 15 ਮਈ ਨੂੰ ਹੋਣ ਵਾਲੀ ਸੂਬਾ ਪੱਧਰੀ ਮੀਟਿੰਗ ਚ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੋਕੇ ਲਵਜਿੰਦਰ ਸਿੰਘ ਜਨਰਲ ਸਕੱਤਰ,ਗੁਰਮੀਤ ਸਿੰਘ ਖਜਾਨਚੀ, ਸ਼ਿਵਮ, ਸਿਮਰਤਪਾਲ, ਭਾਰਤ ਭੂਸ਼ਣ, ਤਰਸੇਮ ਸਿੰਘ ਪਟਵਾਰੀ ਆਦਿ ਹਾਜ਼ਰ ਸਨ।