13,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly Elections 2022) ਨੂੰ ਲੈ ਕੇ ਸਿਆਸੀ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਖ ਚੁੱਕਾ ਹੈ ਤੇ ਪੰਜਾਬ ਦੀ ਲੀਡਰਸ਼ਿਪ ਦੇ ਨਾਲ-ਨਾਲ ਸੈਂਟਰ ਦੀ ਲੀਡਰਸ਼ਿਪ ਵੱਲੋਂ ਵੀ ਚੋਣ ਪ੍ਰਚਾਰ ‘ਚ ਹਿੱਸਾ ਲਿਆ ਜਾ ਰਿਹਾ ਹੈ।
ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ 15 ਫਰਵਰੀ ਨੂੰ ਮੁੜ ਪੰਜਾਬ ਦੌਰੇ ‘ਤੇ ਆ ਰਹੇ ਹਨ। ਪ੍ਰਿਅੰਕਾ ਗਾਂਧੀ ਅੰਮ੍ਰਿਤਸਰ ‘ਚ ਕਾਂਗਰਸੀ ਉਮੀਦਵਾਰਾਂ ਲਈ ਰੋਡ ਸ਼ੋਅ ਕਰਨਗੇ। ਪੰਜਾਬ ਦੇ ਡਿਪਟੀ ਸੀਐਮ ਓਪੀ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ‘ਚ ਕਾਂਗਰਸ ਪਾਰਟੀ ਦੀ ਮੁਹਿੰਮ ਸਿਖਰਾਂ ‘ਤੇ ਪੁੱਜ ਚੁੱਕੀ ਹੈ।
ਓਪੀ ਸੋਨੀ ਨੇ ਕਿਹਾ ਕਿ ਅਮਿਤ ਸ਼ਾਹ ਤੇ ਕੇਜਰੀਵਾਲ ਦੇ ਦੌਰਿਆਂ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ। ਅੰਮ੍ਰਿਤਸਰ ਦੀਆਂ ਪੰਜੇ ਸੀਟਾਂ ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ, ਕਿਉਂਕਿ ਕਾਂਗਰਸ ਨੇ ਪੰਜ ਸਾਲਾਂ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਅੱਜ ਦੇ ਪ੍ਰਿਅੰਕਾ ਗਾਂਧੀ ਦੇ ਪੰਜਾਬ ਦੌਰੇ ਨਾਲ ਕਾਂਗਰਸੀ ਵਰਕਰਾਂ ‘ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ।
ਦੱਸ ਦੇਈਏ ਕਿ ਪ੍ਰਿਅੰਕਾ ਗਾਂਧੀ ਵੀ ਅੱਜ ਪੰਜਾਬ ਦੌਰੇ ‘ਤੇ ਹਨ ਤੇ ਪ੍ਰਚਾਰ ਦੌਰਾਨ ਪ੍ਰਿਅੰਕਾ ਗਾਂਧੀ ਨੇ ਅੱਜ ਖੇਤਾਂ ਦੀ ਸੈਰ ਵੀ ਕੀਤੀ। ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਧੂਰੀ ਵਿਖੇ ਪ੍ਰਿਅੰਕਾ ਗਾਂਧੀ ਨੂੰ ਖੇਤ ਦਾ ਗੇੜਾ ਮਰਵਾਇਆ ਗਿਆ। ਇਸ ਦੌਰਾਨ ਇਕ ਕਿਸਾਨ ਦੀ ਮੋਟਰ ‘ਤੇ ਪ੍ਰਿਅੰਕਾ ਗਾਂਧੀ ਨੇ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਵੀ ਖਾਧਾ।
ਜਿ਼ਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 08.00 ਵਜੇ ਤੋਂ ਸ਼ਾਮ 06.00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ, 2022 ਵੀਰਵਾਰ ਨੂੰ ਹੋਵੇਗੀ