ਮਾਨਸਾ, 20 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਪਿੰਡ ਬੀਰੋਂਕੇ ਦਾ ਕਿਸਾਨ ਗੁਰਵਿੰਦਰ ਸਿੰਘ 15 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ ਅਤੇ ਉਸ ਨੇ ਪਿਛਲੇ ਲਗਭਗ 8 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ।
ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਖੇਤ ਦੀ ਮਿੱਟੀ ਦੀ ਸਿਹਤ ਵਿਚ ਬਹੁਤ ਸੁਧਾਰ ਹੋਇਆ ਹੈ, ਜਿਸ ਕਰਕੇ ਉਸ ਨੇ ਖਾਦਾਂ ਦੀ ਵਰਤੋਂ ਵੀ ਨਾ ਮਾਤਰ ਕਰ ਦਿੱਤੀ ਹੈ। ਕਿਸਾਨ ਨੇ ਕਿਹਾ ਕਿ ਇਸ ਤੋਂ ਉਤਸ਼ਾਹਿਤ ਹੋ ਕੇ ਉਹ ਪਿਛਲੇ 5-6 ਸਾਲਾਂ ਤੋਂ ਆਪਣੇ ਖੇਤ ਵਿੱਚ ਆਰਗੈਨਿਕ ਖੇਤੀ ਕਰ ਰਿਹਾ ਹੈ। ਇਸ ਕੰਮ ਲਈ ਉਸ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ।
ਕਿਸਾਨ ਨੇ ਦੱਸਿਆ ਕਿ ਆਰਗੈਨਿਕ ਖੇਤੀ ਨਾਲ ਉਸ ਨੂੰ ਸਬਜ਼ੀਆਂ ਅਤੇ ਗੰਨਾ ਆਦਿ ਦੇ ਬਹੁਤ ਚੰਗੇ ਰੇਟ ਮਿਲਣ ਕਰਕੇ ਉਸ ਦੀ ਆਮਦਨੀ ਵਿਚ ਵਾਧਾ ਹੋਇਆ ਹੈ। ਹੁਣ ਉਹ ਖੇਤ ਵਿੱਚ ਕੰਗਣੀ ਕੋਧਰਾ ਅਤੇ ਹੋਰ ਮੂਲ ਅਨਾਜ ਦੀ ਬਿਜਾਈ ਕਰਦਾ ਹੈ ਅਤੇ ਇਨ੍ਹਾਂ ਦੇ ਬਿਸਕੁੱਟ ਬਣਾ ਕੇ ਮੰਡੀ ਵਿੱਚ ਵੇਚ ਰਿਹਾ ਹੈ।
ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਗੁਰਵਿੰਦਰ ਸਿੰਘ ਨੇ ਕਿਹਾ ਕਿ ਰਲ ਮਿਲ ਕੇ ਖੇਤੀਬਾੜੀ ਵਿਭਾਗ/ਯੂਨੀਵਰਸਿਟੀ ਵੱਲੋਂ ਦਿੱਤੀਆਂ ਸੇਧਾਂ ਮੁਤਾਬਿਕ ਆਪਣੇ ਵਾਤਾਵਰਣ ਅਤੇ ਮਿੱਟੀ ਦੀ ਸਿਹਤ ਨੂੰ ਬਚਾਈਏ ਅਤੇ ਰੰਗਲਾ ਪੰਜਾਬ ਬਣਾਉਣ ਵਿਚ ਸਹਿਯੋਗ ਪਾਈਏ।