
ਚੰਡੀਗੜ੍ਹ, 16 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) ਮਿਲਕਫੈਡ ਵੱਲੋਂ ਕੋਰੋਨਾ ਮਹਾਂਮਾਰੀ ਦੇ ਔਖੇ ਦੌਰ ਵਿੱਚ ਜਿੱਥੇ ਦੁੱਧ ਉਤਪਾਦਕਾਂ ਦੀ ਬਾਂਹ ਫੜੀ ਉਥੇ ਸੂਬੇ ਵਿੱਚ ਖਪਤਕਾਰਾਂ ਦੀ ਸਹੂਲਤ ਲਈ ਮਾਰਕੀਟ ਵਿਚ ਨਵੇਂ ਉਤਪਾਦਾਂ ਦੀ ਸ਼ੁਰੂਆਤ ਕੀਤੀ ਗਈ ਹੈ। ਬੱਸੀ ਪਠਾਣਾ ਵਿਖੇ 138 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਮੈਗਾ ਡੇਅਰੀ ਪ੍ਰਾਜੈਕਟ ਮੁਕੰਮਲ ਹੋਣ ਦੇ ਅੰਤਿਮ ਪੜਾਅ ਉਤੇ ਹੈ ਅਤੇ ਇਹ ਇਸੇ ਸਾਲ ਅਗਸਤ ਮਹੀਨੇ ਸ਼ੁਰੂ ਹੋ ਜਾਵੇਗਾ ਜਿਸ ਨਾਲ ਸੂਬੇ ਵਿੱਚ ਦੁੱਧ ਉਤਪਾਦਨ ਦੇ ਸਹਾਇਕ ਧੰਦੇ ਨਾਲ ਜੁੜੇ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਅਤੇ ਸੂਬਾ ਵਾਸੀਆਂ ਲਈ ਵਰਦਾਨ ਸਾਬਤ ਹੋਵੇਗਾ।
ਇਹ ਗੱਲ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਮਿਲਕਫੈਡ ਦੇ ਮੁੱਖ ਦਫਤਰ ਵਿਖੇ ਮਿਲਕਫੈਡ ਦੇ ਕੰਮਕਾਜ ਦੀ ਵਿਸਥਾਰ ਵਿੱਚ ਕੀਤੀ ਸਮੀਖਿਆ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ।
ਦੁੱਧ ਉਤਪਾਦਕਾਂ ਦੀ ਸਹੂਲਤ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੰਦੇ ਦੇ ਇਸ ਦੌਰ ਵਿੱਚ ਵੀ ਮਿਲਕਫੈਡ ਵੱਲੋਂ ਮਿਲਕ ਪਲਾਟਾਂ ਦੇ ਆਧੁਨੀਕਰਨ ਅਤੇ ਇਹਨਾਂ ਦੀ ਸਮਰੱਥਾ ਵਧਾਉਣ ਲਈ 254 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ, ਲੁਧਿਆਣਾ, ਮੁਹਾਲੀ ਤੇ ਪਟਿਆਲਾ ਡੇਅਰੀਆਂ ਵਿਖੇ ਵਿਕਾਸ ਅਤੇ ਵਿਸਥਾਰ ਪ੍ਰਾਜੈਕਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਅਦਾਰਿਆਂ ਦੀ ਮਜ਼ਬੂਤੀ ਨਾਲ ਜਿੱਥੇ ਲੋਕਾਂ ਨੂੰ ਮਿਆਰੀ ਤੇ ਵਾਜਬ ਕੀਮਤਾਂ ਉਤੇ ਉਤਪਾਦ ਮਿਲਦੇ ਹਨ ਉਥੇ ਕਿਸਾਨੀ ਨੂੰ ਵੱਡਾ ਫਾਇਦਾ ਹੁੰਦਾ ਹੈ।
ਇਸ ਮੌਕੇ ਸ. ਰੰਧਾਵਾ ਨੇ ਵੇਰਕਾ ਡੇਅਰੀ ਵ੍ਹਾਈਟਨਰ ਦੇ 5 ਗ੍ਰਾਮ, 10 ਗ੍ਰਾਮ ਅਤੇ 20 ਗ੍ਰਾਮ ਪੈਕੇਟ ਵੀ ਲਾਂਚ ਕੀਤੇ ਗਏ। ਮਿਲਕਫੈਡ ਵਲੋਂ ਇਹ ਸਾਰੀਆਂ ਪੈਕਿੰਗਾਂ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਮਾਰਕੀਟ ਵਿੱਚ ਉਤਾਰੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵੇਰਕਾ ਵੱਲੋਂ ਪੰਜਾਬ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੀ ਸੇਵਾ ਹਿੱਤ ਜਲੰਧਰ ਮਿਲਕ ਪਲਾਂਟ ਵਿੱਚ ਉਚ ਕੋਟੀ ਦੇ ਡੇਅਰੀ ਵ੍ਹਾਈਟਨਰ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਜਿੱਥੇ ਅਤਿ ਆਧੁਨਿਕ ਮਸ਼ੀਨਰੀ ਦੇ ਨਾਲ ਪੰਜਾਬ ਦੇ ਪੌਸ਼ਟਿਕ ਅਤੇ ਸ਼ੁੱਧ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਵੇਰਕਾ ਡੇਅਰੀ ਵ੍ਹਾਈਟਨਰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਅਸਾਨ ਵਰਤੋਂ ਘਰਾਂ, ਹੋਟਲਾਂ ਅਤੇ ਯਾਤਰੂਆਂ ਨੂੰ ਬਹੁਤ ਸਹੂਲਤ ਦੇਵੇਗੀ। ਵੇਰਕਾ ਡੇਅਰੀ ਵ੍ਹਾਈਟਨਰ ਦੀ ਵਰਤੋਂ ਕਿਸੇ ਵੀ ਥਾਂ ਚਾਹ, ਕਾਫੀ, ਦੁੱਧ ਬਣਾਉਣ ਲਈ ਸਿਰਫ ਪਾਣੀ ਮਿਲਾ ਕੇ ਕੀਤੀ ਜਾ ਸਕਦੀ ਹੈ। ਇਕ ਕਿਲੋ ਵੇਰਕਾ ਡੇਅਰੀ ਵ੍ਹਾਈਟਨਰ ਤੋਂ 10 ਕਿਲੋ ਤਰਲ ਦੁੱਧ ਬਣਾਇਆ ਜਾ ਸਕਦਾ ਹੈ। ਵੇਰਕਾ ਡੇਅਰੀ ਵ੍ਹਾਈਟਨਰ ਵਿੱਚ 20 ਫੀਸਦੀ ਫੈਟ, 18 ਫੀਸਦੀ ਖੰਡ ਅਤੇ 22 ਫੀਸਦੀ ਪ੍ਰੋਟੀਨ ਹੈ । ਇਸਦੇ 5 ਗ੍ਰਾਮ ਸੈਚੇ ਦੀ ਕੀਮਤ 2 ਰੁਪਏ, 10 ਗ੍ਰਾਮ ਦੀ ਕੀਮਤ 4 ਰੁਪਏ ਅਤੇ 20 ਗ੍ਰਾਮ ਦੀ ਕੀਮਤ 8 ਰੁਪਏ ਰੱਖੀ ਗਈ ਹੈ ਜੋ ਕਿ ਆਪਣੇ ਬਾਕੀਆਂ ਨਾਲੋਂ ਬਹੁਤ ਕਿਫਾਇਤੀ ਹੈ। ਵੇਰਕਾ ਡੇਅਰੀ ਵ੍ਹਾਈਟਨਰ ਦੀ ਖਾਸ ਵਿਸ਼ੇਸਤਾ ਇਸ ਦੀ ਉਚ ਘੁਲਣਸ਼ੀਲਤਾ ਹੈ ਜੋ ਕਿ ਚਾਹ, ਦੁੱਧ, ਸੇਕ ਆਦਿ ਪੀਣ ਵਾਲੇ ਪਦਾਰਥ ਨੂੰ ਸੰਘਣਾ ਅਤੇ ਗਾੜਾ ਬਣਾਉਦਾ ਹੈ ਅਤੇ ਪੀਣ ਵਾਲੇ ਪਦਾਰਥਾਂ ਨੂੰ ਦੁੱਧ ਦਾ ਅਸਲੀ ਸਵਾਦ ਅਤੇ ਖੁਸ਼ਬੂ ਦਿੰਦਾ ਹੈ।
ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਡੇਅਰੀ ਵ੍ਹਾਈਟਨਰ 200 ਗ੍ਰਾਮ, 500 ਗ੍ਰਾਮ, 1 ਕਿਲੋ ਅਤੇ 7.50 ਕਿਲੋ ਦੀ ਵਿਕਰੀ ਦੀ ਸਫਲਤਾ ਨੂੰ ਵੇਖਦੇ ਹੋਏ ਅਤੇ ਗ੍ਰਾਹਕਾਂ ਵੱਲੋ 5 ਗ੍ਰਾਮ, 10 ਗ੍ਰਾਮ ਅਤੇ 20 ਗ੍ਰਾਮ ਪੈਕਿੰਗ ਦੀ ਮੰਗ ਨੂੰ ਧਿਆਨ ਵਿੱਖ ਰੱਖਦੇ ਹੋਏ ਮਿਲਕਫੈਡ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵੇਰਕਾ ਨੇ ਪ੍ਰਸਿੱਧ ਹਲਦੀ ਦੁੱਧ ਅਤੇ ਪੀਉ ਦੀਆਂ ਹੋਰ ਕਿਸਮਾਂ ਜਿਵੇ ਕਿ ਇਲਾਇਚੀ, ਬਦਾਮ, ਸਟਰਾਅਬੈਰੀ ਅਤੇ ਬਟਰ-ਸਕਾਚ ਆਦਿ ਨੂੰ ਪੀਪੀ ਬੋਤਲਾਂ ਦੀ ਸਹੂਲਤ ਮੰਦ ਪੈਕਿੰਗ ਵਿੱਚ ਲਾਂਚ ਕੀਤਾ ਗਿਆ ਹੈ ਤਾਂ ਜੋ ਬੋਤਲ ਟੁੱਟਣ ਦਾ ਖਤਰਾ ਨਾ ਰਹੇ। ਅਜੋਕੇ ਸਮਂੇ ਵਿੱਚ ਖਪਤਕਾਰਾਂ ਦੇ ਸਿਹਤਮੰਦ ਖੁਰਾਕ ਵੱਲ ਵੱਧਦੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਵੇਰਕਾ ਨੇ ਹਾਲ ਵਿੱਚ ਹੀ ਅਸਲੀ ਫਰੂਟ ਵਾਲੀਆਂ ਸਟਰਾਅਬੈਰੀ, ਪਿੰਕ ਅਮਰੂਦ, ਲੀਚੀ ਅਤੇ ਮੈਂਗੋ ਆਈਸ ਕਰੀਮ ਲਾਂਚ ਕੀਤੀ। ਇਹ ਸਾਰੇ ਵੇਰਕਾ ਉਤਪਾਦ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ ਤੇ ਉਪਲਬੱਧ ਹਨ।
ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਅੱਗੇ ਦੱਸਿਆ ਕਿ ਮਿਲਕਫੈਡ ਦੇ ਸਾਰੇ ਮਿਲਕ ਪਲਾਟਾਂ ਦਾ ਆਧੁਿਨੀਕਰਨ ਕਰਕੇ ਮਿਲਕ ਉਤਪਾਦਾਂ ਦੀ ਗੁਣਵੱਤਾ ਵਧਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਸਰਵੋਤਮ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣਗੀਆਂ। ਉਨ੍ਹਾਂ ਗ੍ਰਾਹਕਾਂ ਨੂੰ ਭਰੋਸਾ ਦਿਵਾਇਆ ਕਿ ਮਿਲਕਫੈਡ ਹੋਰ ਨਵੇਂ ਦੁੱਧ ਉਤਪਾਦ ਲਾਂਚ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ਲਈ ਮਿਲਕਫੈਡ ਵੱਲੋਂ ਆਪਣੀ ਤਕਨੀਕੀ ਸਮਰੱਥਾ ਵਧਾਉਣ ਲਈ ਲੋੜੀਦੇ ਉਪਰਾਲੇ ਕੀਤੇ ਜਾ ਰਹੇ ਹਨ।
ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਸਹਿਕਾਰਤਾ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਐਮ.ਡੀ. ਸ੍ਰੀ ਸੰਘਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਸੰਕਟਕਾਲੀਨ ਸਮੇਂ ਵਿੱਚ ਦੇਸ਼ ਦਾ ਪੂਰਾ ਉਦਯੋਗ ਅਤੇ ਸੇਵਾ ਖੇਤਰ ਆਰਥਿਕ ਮੰਦੀ ਨਾਲ ਜੂਝ ਰਿਹਾ ਸੀ, ਉਸ ਵੇਲੇ ਵੀ ਮਿਲਕਫੈਡ ਪੰਜਾਬ ਨੇ ਦੁੱਧ ਉਤਪਾਦਕਾਂ ਦੀ ਸੇਵਾ ਹਿੱਤ ਸਾਲ 2020-21 ਵਿੱਚ ਪਿਛਲੇ ਸਾਲ (2019-20) ਨਾਲੋਂ 17 ਫੀਸਦੀ ਵਧੇਰੇ ਦੁੱਧ ਦੀ ਖਰੀਦ ਕੀਤੀ। ਇਸ ਔਖੇ ਦੌਰ ਵਿਚ ਦੁੱਧ ਉਤਪਾਦਕਾਂ ਲਈ ਦੁੱਧ ਦੇ ਰੇਟ ਬਰਕਰਾਰ ਰੱਖਣ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ।
——-
