ਨਵੀਂ ਦਿੱਲੀ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਗਣਤੰਤਰ ਦਿਵਸ (Republic Day) ਮੌਕੇ ਦਿੱਲੀ ਵਿੱਚ ਟਰੈਕਟਰ ਰੈਲੀ (Tractor Parade) ਦੇ ਦੌਰਾਨ ਹੋਈ ਹਿੰਸਾ ਮਗਰੋਂ ਲੱਗ ਰਿਹਾ ਸੀ ਜਿਵੇਂ ਕਿਸਾਨ ਅੰਦੋਲਨ (Farmers Protest) ਖਿੰਡਰ ਜਾਏਗਾ ਪਰ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait) ਦੀ ਅਪੀਲ ਮਗਰੋਂ ਕਿਸਾਨ ਅੰਦੋਲਨ ਵਿੱਚ ਮੁੜ ਤੋਂ ਜਾਨ ਪੈ ਗਈ ਤੇ ਅੰਦੋਲਨ ਨੇ ਫਿਰ ਆਪਣੀ ਦਮ ਦਿਖਾਉਣਾ ਸ਼ੁਰੂ ਕਰ ਦਿੱਤਾ। ਗਾਜ਼ੀਪੁਰ ਬਾਰਡਰ (Gazipur Border) ਤੇ ਕਿਸਾਨਾਂ ਦਾ ਹੜ੍ਹ ਵੇਖ ਕੇ ਦਿੱਲੀ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਸ ਕਾਰਨ ਪੁਲਿਸ ਨੇ ਗਾਜ਼ੀਪੁਰ ਬਾਰਡਰ ਤੇ ਸੁਰੱਖਿਆ ਬੇਹੱਦ ਸਖ਼ਤ ਕਰ ਦਿੱਤੀ ਹੈ।
ਪੁਲਿਸ ਤੇ ਇਸ ਵਕਤ ਕਿੰਨਾ ਦਬਾਅ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪੁਲਿਸ ਨੇ ਕਿਸਾਨਾਂ ਦੀ ਵਧਦੀ ਗਿਣਤੀ ਨੂੰ ਵੇਖ 12 ਲੇਅਰ ਦੀ ਬੈਰੀਕੇਡਿੰਗ ਕਰ ਦਿੱਤੀ ਹੈ। ਇਸ ਦੀ ਨਾਲ ਹੀ ਪੁਲਿਸ ਨੇ ਤੇਜ਼ਧਾਰ ਤਾਰ ਵੀ ਲੱਗਾ ਦਿੱਤੀ ਹੈ। NH-24 ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ।
ਉਧਰ, ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਮਗਰੋਂ ਪੰਜਾਬ, ਹਰਿਆਣਾ ਤੇ ਯੂਪੀ ਵਿੱਚ ਪੰਚਾਇਤਾਂ ਦਾ ਦੌਰ ਜਾਰੀ ਹੈ। ਪੰਚਾਇਤਾਂ ਮਤੇ ਪਾਸ ਕਰ ਰਹੀਆਂ ਹਨ ਕਿ ਵੱਧ ਤੋ ਵੱਧ ਲੋਕ ਅੰਦੋਲਨ ਦਾ ਹਿੱਸਾ ਬਣਨ। ਪਿੰਡ ਦਾ ਹਰ ਆਦਮੀ ਧਰਨੇ ਵਿੱਚ ਸ਼ਾਮਲ ਹੋਵੇ। ਜਿਸ ਮਗਰੋਂ ਕਿਸਾਨਾਂ ਦਾ ਦਿੱਲੀ ਵੱਲ ਨੂੰ ਹੜ੍ਹ ਜਾਰੀ ਹੈ। ਇਸੇ ਕਾਰਨ ਦਿੱਲੀ ਪੁਲਿਸ ਵੀ ਕਿਸਾਨਾਂ ਨੂੰ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਤਿਆਰੀ ਕਰ ਰਹੀ ਹੈ।