
ਮਾਨਸਾ, 02 ਫਰਵਰੀ (ਸਾਰਾ ਯਹਾਂ/ਜੋਨੀ ਜਿੰਦਲ ) : ਜ਼ਿਲਾ ਕੋਰਟ ਕੰਪਲੈਕਸ ਮਾਨਸਾ ਵਿਖੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਅਨੁਸਾਰ 12 ਮਾਰਚ 2022 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਜ਼ਿਲਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਨਵਜੋਤ ਕੌਰ ਅਤੇ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਵੱਲੋਂ ਐਸ.ਐਸ.ਪੀ. ਮਾਨਸਾ ਦੀਪਕ ਪਾਰਿਕ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਜ਼ਿਲਾ ਤੇ ਸੈਸ਼ਨ ਜੱਜ ਸ਼੍ਰੀਮਤੀ ਨਵਜੌਤ ਕੌਰ ਨੇ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਦਾ ਮੁੱਖ ਮੰਤਵ ਲੋਕਾਂ ਨੂੰ ਆਪਸੀ ਝਗੜਿਆਂ ਨੂੰ ਸਹਿਮਤੀ ਨਾਲ ਨਿਬੇੜਣ ਅਤੇ ਲੋਕ ਅਦਾਲਤ ਦੇ ਫਾਇਦਿਆਂ ਤੋਂ ਜਾਣੂ ਕਰਾਉਣਾ ਹੈ। ਉਨਾਂ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਦੀਵਾਨੀ ਮਾਮਲੇ, ਕਰੀਮੀਨਲ ਕੰਪਾਊਂਡੇਬਲ ਕੇਸ, ਚੈੱਕਾਂ ਦੇ ਕੇਸ, ਬੈਂਕ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਤ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨਾਂ ਦੱਿਸਆ ਕਿ ਇਸ ਨੈਸ਼ਨਲ ਲੋਕ ਅਦਾਲਤ ’ਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਆਪਣਾ ਕੇਸ ਲਗਾਉਣ ਲਈ ਇਕ ਦਰਖ਼ਾਸਤ ਦੇ ਕੇ ਲੋਕ ਅਦਾਲਤ ਵਿੱਚ ਆਪਣਾ ਕੇਸ ਲਗਾਇਆ ਜਾ ਸਕਦਾ ਹੈ।
