ਬੁਢਲਾਡਾ 10 ਫਰਵਰੀ(ਸਾਰਾ ਯਹਾਂ/ਮੁੱਖ ਸੰਪਾਦਕ)ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ 12 ਫਰਬਰੀ ਨੂੰ ਦੋ ਘੰਟੇ ਦੇ ਧਰਨੇ ਲਾ ਕੇ ਮੰਗ ਪੱਤਰ ਦਿੱਤੇ ਜਾਣਗੇ।
ਇਹ ਧਰਨੇ ਬਰਨਾਲਾ ਜ਼ਿਲ੍ਹੇ ਵਿੱਚ ਤਿੰਨ ਥਾਵਾਂ ਤੇ, ਮਾਨਸਾ ਜ਼ਿਲ੍ਹੇ ਵਿੱਚ ਦੋ ਥਾਵਾਂ ਤੇ, ਮੋਗਾ ਜ਼ਿਲ੍ਹੇ ਵਿੱਚ ਇੱਕ ਥਾਂ ਤੇ , ਫਰੀਦਕੋਟ ਜ਼ਿਲ੍ਹੇ ਵਿੱਚ ਇੱਕ ਥਾਂ, ਫਾਜ਼ਿਲਕਾ ਜ਼ਿਲ੍ਹੇ ਵਿੱਚ ਦੋ ਥਾਂਵਾਂ ਤੇ, ਫਿਰੋਜ਼ਪੁਰ ਜ਼ਿਲ੍ਹੇ ਵਿੱਚ ਤਿੰਨ ਥਾਵੀਂ, ਲੁਧਿਆਣਾ ਜ਼ਿਲ੍ਹੇ ਵਿੱਚ ਦੋ ਥਾਂ, ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇੱਕ ਥਾਂ, ਬਠਿੰਡਾ ਜ਼ਿਲ੍ਹੇ ਵਿੱਚ ਦੋ ਥਾਂਵਾਂ ਤੇ, ਸੰਗਰੂਰ ਜ਼ਿਲ੍ਹੇ ਵਿੱਚ ਦੋ ਥਾਂਵਾਂ ਤੋਂ ਇਲਾਵਾ ਕਪੂਰਥਲਾ, ਮਲੇਰਕੋਟਲਾ, ਗੁਰਦਾਸਪੁਰ ਅਤੇ ਮੁਹਾਲੀ ਜ਼ਿਲ੍ਹਿਆਂ ਵਿੱਚ, ਕੁੱਲ 14 ਜ਼ਿਲਿਆਂ ਦੇ ਵੀਹ ਤੋਂ ਵੱਧ ਵਿਧਾਇਕਾਂ ਦੇ ਘਰਾਂ ਅੱਗੇ ਲਾਏ ਜਾਣਗੇ।
ਇਸ ਦੌਰਾਨ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਲਗਾਤਾਰ ਦਿਨ ਰਾਤ ਚੱਲ ਰਿਹਾ ਪੱਕਾ ਮੋਰਚਾ ਛੱਤੀਵੇਂ ਦਿਨ ਵੀ ਜਾਰੀ ਰਿਹਾ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸੱਤ ਮਹੀਨੇ ਤੋਂ ਸ਼ਾਂਤਮਈ ਅੰਦੋਲਨ ਚਲਾ ਰਹੀ ਹੈ ਪਰ ਆਪਣੇ ਆਪ ਨੂੰ ਇਨਕਲਾਬੀ ਕਹਾਉਣ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਇਨਸਾਫ਼ ਤਾਂ ਕੀ ਦੇਣਾ ਸੀ, ਗੱਲ ਸੁਣਨ ਤੋਂ ਵੀ ਇਨਕਾਰੀ ਹੈ। ਕਿਸਾਨਾਂ ‘ਤੇ ਦੋ ਵਾਰ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ 36 ਦਿਨਾਂ ਤੋਂ ਚੱਲ ਰਹੇ ਮੋਰਚੇ ਦੇ ਬਾਵਜੂਦ ਅੱਜ ਤੱਕ ਵੀ ਕਿਸੇ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਕਿਸਾਨਾਂ ਨੂੰ ਜ਼ਮੀਨ ਮਾਲਕੀ ਦਾ ਹੱਕ ਬਹਾਲ ਕਰਵਾਉਣ ਲਈ ਦਲੀਲ ਦੀ ਪੱਧਰ ਤੇ ਸਹਿਮਤ ਹੋਣ ਦੇ ਬਾਵਜੂਦ ਵੀ ਮਾਮਲਾ ਜਿਉਂ ਦਾ ਤਿਉਂ ਹੈ।ਇਸ ਲਈ 12 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਗੱਜ ਵੱਜ ਕੇ ਧਰਨੇ ਦਿੱਤੇ ਜਾਣਗੇ ਅਤੇ ਪੱਕਾ ਮੋਰਚਾ ਹੋਰ ਵੱਧ ਉਤਸ਼ਾਹ ਨਾਲ ਜਾਰੀ ਰਹੇਗਾ।
ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ 14 ਫਰਵਰੀ ਨੂੰ, ਬੁਢਲਾਡਾ ਵਿਖੇ ਪੱਕੇ ਮੋਰਚੇ ਵਾਲੇ ਸਥਾਨ ਤੇ ਬੁਲਾ ਲਈ ਗਈ ਹੈ , ਜਿਸ ਵਿੱਚ ਘੋਲ ਨੂੰ ਹੋਰ ਤੇਜ਼ ਕਰਨ ਲਈ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਹਰ ਤਰਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਤੋਂ ਇਲਾਵਾ ਮਜ਼ਦੂਰ-ਮੁਲਾਜ਼ਮ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਸੱਦੇ ਤੇ 16 ਫਰਵਰੀ ਨੂੰ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਤਿਆਰੀਆਂ ਜਾਰੀ ਹਨ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਤਰਕਸ਼ੀਲ ਅਤੇ ਹੋਰ ਲੋਕਾਂ ਖ਼ਿਲਾਫ਼ ਧਾਰਾ 295 ਅਤੇ 295-ਏ ਅਧੀਨ ਕੇਸ ਦਰਜ਼ ਕਰਨ ਅਤੇ ਯੂ ਟਿਊਬਰ ਭਾਨੇ ਸਿੱਧੂ ਦੀਆਂ ਭੈਣਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ਼ ਕਰਨ ਦੀ ਸਖ਼ਤ ਨਿਖੇਧੀ ਕੀਤੀ।