
ਮਾਨਸਾ, 15 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਮਾਨਸਾ, ਭੀਖੀ, ਜੋਗਾ, ਸਰਦੂਲਗੜ੍ਹ, ਝੁਨੀਰ, ਬੁਢਲਾਡਾ ਅਤੇ ਬਰੇਟਾ ਵਿਖੇ ਖੋਲ੍ਹੇ ਗਏ ਫਰਦ ਕੇਂਦਰਾਂ ਤੋਂ ਫਰਵਰੀ ਮਹੀਨੇ ਦੌਰਾਨ ਜ਼ਿਲ੍ਹੇ ਦੇ 11874 ਬਿਨੈਕਾਰਾਂ ਨੇ ਫਰਦਾਂ ਪ੍ਰਾਪਤ ਕੀਤੀਆਂ। ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਮਕਸਦ ਤਹਿਤ ਜ਼ਿਲ੍ਹੇ ਅੰਦਰ ਚੱਲ ਰਹੇ ਫਰਦ ਕੇਂਦਰਾਂ ਦਾ ਲੋਕ ਵੱਡੀ ਗਿਣਤੀ ਵਿਚ ਲਾਹਾ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਰਾਹੀਂ ਆਮ ਜਨਤਾ ਦੇ ਕੰਮ ਪਹਿਲਾਂ ਨਾਲੋਂ ਛੇਤੀ ਹੋ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਮੀਨੀ ਰਿਕਾਰਡ ਦੀ ਜਾਣਕਾਰੀ ਮੌਕੇ ’ਤੇ ਹੀ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 7 ਫ਼ਰਦ ਕੇਂਦਰਾਂ ’ਚ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਦਾਨ ਕੀਤੀਆਂ ਫਰਦਾਂ ਤਹਿਤ ਫਰਦ ਕੇਂਦਰ ਮਾਨਸਾ ਵਿਖੇ 2866, ਸਰਦੂਲਗੜ੍ਹ ਵਿਖੇ 2212, ਬੁਢਲਾਡਾ ਵਿਖੇ 2626, ਝੁਨੀਰ ਵਿਖੇ 991, ਬਰੇਟਾ ਵਿਖੇ 1091, ਜੋਗਾ ਵਿਖੇ 1045 ਅਤੇ ਫਰਦ ਕੇਂਦਰ ਭੀਖੀ ਵਿਖੇ 1043 ਵਿਅਕਤੀਆਂ ਨੇ ਫਰਦਾਂ ਲਈ ਦਰਖ਼ਾਸਤਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਮੌਕੇ ’ਤੇ ਹੀ ਫ਼ਰਦਾਂ ਦੀਆਂ 76808 ਕਾਪੀਆਂ ਮੁਹੱਈਆ ਕਰਵਾਈਆ ਗਈਆਂ ਅਤੇ 1920200/- ਰੁਪਏ ਦੀ ਰਾਸ਼ੀ ਫੀਸ ਵਜੋਂ ਇਕੱਤਰ ਕੀਤੀ ਗਈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਥਾਪਿਤ ਫਰਦ ਕੇਂਦਰਾਂ ਨਾਲ ਜਿੱਥੇ ਜ਼ਿਲ੍ਹਾ ਵਾਸੀਆਂ ਦੇ ਸਮੇਂ ਦੀ ਬਚਤ ਹੋ ਰਹੀ ਹੈ, ਉਥੇ ਫਰਦਾਂ ਬਹੁਤ ਹੀ ਸੌਖੇ ਤਰੀਕੇ ਨਾਲ ਮੁਹੱਈਆ ਕੀਤੀਆਂ ਜਾ ਰਹੀਆਂ। ਉਨ੍ਹਾਂ ਦੱਸਿਆ ਕਿ ਜ਼ਮੀਨਾਂ ਦੀਆਂ ਸਾਰੀਆਂ ਫਰਦਾਂ ਵੈਬਸਾਈਟ www.plrs.org.in ’ਤੇ ਅਪਲੋਡ ਕੀਤੀ ਗਈਆਂ ਹਨ, ਜਿਨ੍ਹਾਂ ਰਾਹੀਂ ਹਰ ਵਿਅਕਤੀ ਆਪਣੀ ਜ਼ਮੀਨ ਦਾ ਰਿਕਾਰਡ ਇਸ ਵੈਬਸਾਈਟ ’ਤੇ ਜਾ ਕੇ ਆਪਣੇ ਪਿੰਡ ਦਾ ਨਾਮ ਅਤੇ ਖੇਵਟ ਨੰਬਰ ਭਰ ਕੇ ਦੇਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਦੇ ਜਰੀਏ ਭਾਰਤ ਦੇਸ਼ ਤੋਂ ਬਾਹਰ ਵਸਦੇ ਪ੍ਰਵਾਸੀ ਭਾਰਤੀ ਵੀ ਆਪਣੀ ਜ਼ਮੀਨ ਦੇ ਰਿਕਾਰਡ ’ਤੇ ਦੂਰ ਬੈਠੇ ਹੀ ਨਜ਼ਰ ਰੱਖ ਸਕਦੇ ਹਨ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਉਨ੍ਹਾਂ ਦੇ ਰਿਕਾਰਡ ਨਾਲ ਛੇੜਛਾੜ ਨਾ ਕਰ ਸਕੇ।
