ਮਾਨਸਾ 14,ਅਪ੍ਰੈਲ (ਸਾਰਾ ਯਹਾਂ /ਜੋਨੀ ਜਿੰਦਲ) ਮਾਨਸਾ ਸਾਇਕਲ ਗਰੁੱਪ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵੱਲੋਂ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਲਗਾਤਾਰ ਸ਼ਹਿਰ ਦੀਆਂ ਸਾਂਝੀਆਂ ਥਾਵਾਂ ਤੇ ਕੈਂਪ ਲਗਾ ਕੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਦਿੰਦਿਆਂ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਹਰੇਕ ਵਾਰਡ ਦੇ ਲੋਕਾਂ ਕੋਲ ਘਰੋ ਘਰੀ ਜਾ ਕੇ ਉਹਨਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਸਾਂਝੀਆਂ ਧਾਰਮਿਕ ਸਥਾਨਾਂ ਤੇ ਜਾ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਡਾਕਟਰ ਜਨਕ ਰਾਜ ਸਿੰਗਲਾ ਵੱਲੋਂ ਲੋਕਾਂ ਨੂੰ ਕਰੋਨਾ ਵੈਕਸੀਨ ਸੰਬੰਧੀ ਸੋਸ਼ਲ ਮੀਡੀਆ ਤੇ ਹੋ ਰਹੇ ਗਲਤ ਪ੍ਰਚਾਰ ਨਾਲ ਪੈਦਾ ਹੋ ਭਰਮਾਂ ਨੂੰ ਤੱਥਾਂ ਦੇ ਅਧਾਰ ਤੇ ਦੂਰ ਕਰਕੇ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਡਾਕਟਰ ਵਰੁਣ ਮਿੱਤਲ ਨੇ ਦੱਸਿਆ ਕਿ ਮਾਨਯੋਗ ਸਿਵਲ ਸਰਜਨ ਮਾਨਸਾ ਦੀ ਯੋਗ ਅਗਵਾਈ ਹੇਠ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ ਇਸੇ ਲੜੀ ਤਹਿਤ ਅੱਜ ਦਾ ਇਹ ਕੈਂਪ ਰਾਧਾ ਸੁਆਮੀ ਸਤਿਸੰਗ ਭਵਨ ਮਾਨਸਾ ਵਿਖੇ ਲਗਾਇਆ ਗਿਆ ਹੈ ਜਿੱਥੇ ਕਿ ਲੋਕਾਂ ਵਲੋਂ ਵੈਕਸੀਨ ਲਗਵਾਉਣ ਲਈ ਕਾਫੀ ਉਤਸ਼ਾਹ ਦੇਖਿਆ ਗਿਆ ਇਸ ਮੌਕੇ ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਕਰੋਨਾ ਵਾਇਰਸ ਨੂੰ ਜੜ ਤੋਂ ਖਤਮ ਕਰਨ ਲਈ 80%ਤੋਂ ਵੱਧ ਲੋਕਾਂ ਦਾ ਵੈਕਸੀਨ ਕਰਵਾਉਣਾ ਜਰੂਰੀ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਰੇਕ 45 ਸਾਲ ਤੋਂ ਵੱਧ ਉਮਰ ਦੇ ਇਨਸਾਨ ਨੂੰ ਅਧਾਰ ਕਾਰਡ ਲਿਜਾ ਕੇ ਇਹ ਟੀਕਾ ਸਰਕਾਰੀ ਸਿਹਤ ਕੇਂਦਰ ਜਾਂ ਸਰਕਾਰ ਵਲੋਂ ਲਗਾਏ ਜਾ ਰਹੇ ਕੈਂਪਾਂ ਚ ਲਗਾਉਣ ਚ ਪਹਿਲ ਕਰਨੀ ਚਾਹੀਦੀ ਹੈ ਅਤੇ 45 ਸਾਲ ਤੋਂ ਘੱਟ ਉਮਰ ਦੇ ਸਰਕਾਰ ਵਲੋਂ ਜਾਰੀ ਸੂਚੀ ਅਧੀਨ ਆਉਂਦੇ ਫਰੰਟ ਲਾਈਨ ਵਰਕਰਾਂ ਨੂੰ ਵੀ ਇਹ ਟੀਕਾ ਬਿਨਾਂ ਕਿਸੇ ਦੇਰੀ ਕੀਤੇ ਲਗਵਾਉਣਾ ਚਾਹੀਦਾ ਹੈ।ਇਹ ਟੀਕਾ ਬਿਲਕੁਲ ਮੁਫਤ ਲਗਾਇਆ ਜਾਂਦਾ ਹੈ ਅਤੇ ਟੀਕਾ ਲਗਵਾਉਣ ਉਪਰੰਤ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ।
ਸਤਿਸੰਗ ਭਵਨ ਮਾਨਸਾ ਦੇ ਸਕੱਤਰ ਸ੍ਰੀ ਦਵਿੰਦਰ ਕੁਮਾਰ ਨੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਹ ਕੈਂਪ ਲਗਾਉਣ ਲਈ ਧੰਨਵਾਦ ਕੀਤਾ।